ਟਿੱਪਰ ਨਾਲ ਆਹਮੋ-ਸਾਹਮਣੀ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਜ਼ਿੰਦਾ ਸੜਿਆ
ਮੋਗਾ-ਕੋਟਕਪੂਰਾ ਬਾਈਪਾਸ 'ਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ 11 ਵਜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਦੀ ਇਕ...
ਮੋਗਾ-ਕੋਟਕਪੂਰਾ ਬਾਈਪਾਸ 'ਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ 11 ਵਜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਦੀ ਇਕ ਤੇਜ਼ ਰਫਤਾਰ ਟਿੱਪਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਬਾਘਾਪੁਰਾਣਾ ਵੱਲ ਜਾ ਰਿਹਾ ਸੀ, ਜਦੋਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਖਤਰਨਾਕ ਸੀ ਕਿ ਮੋਟਰਸਾਈਕਲ ਟਿੱਪਰ ਦੇ ਹੇਠਾਂ ਘਸੀਟਿਆ ਗਿਆ, ਜਿਸ ਕਰਕੇ ਮੋਟਰਸਾਈਕਲ ਅਤੇ ਸੜਕ ਦੀ ਸਤ੍ਵਾ ਵਿਚਕਾਰ ਪੈਦਾ ਹੋਈ ਤੇਜ਼ ਰਗੜ ਕਾਰਨ ਅੱਗ ਲੱਗ ਗਈ। ਇਹ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਟਿੱਪਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮੋਟਰਸਾਈਕਲ ਸਵਾਰ ਇਸ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੋਗਾ ਦੇ ਸਿਟੀ ਸਾਊਥ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਆਪਣੀ ਪੁਲੀਸ ਟੀਮ ਨਾਲ ਤੁਰੰਤ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਇੱਕ ਸਮਾਜ ਸੇਵੀ ਸੰਸਥਾ ਨੂੰ ਵੀ ਮਦਦ ਲਈ ਬੁਲਾਇਆ ਗਿਆ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਕਾਫੀ ਸਮੇਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਟਿੱਪਰ ਟਰੱਕ ਦਾ ਡਰਾਈਵਰ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਫਰਾਰ ਡਰਾਈਵਰ ਨੂੰ ਫੜਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਅਤੇ ਉਸ ਦੀ ਦੇਹ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

