ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ,22 ਮਾਰਚ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਨੰਗਲ ਅੰਬੀਆਂ ਤੋਂ ਫਰਾਰ ਹੋਣ ਲਈ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ ਅੱਜ ਪੁਲੀਸ ਨੇ ਬਰਾਮਦ ਕਰ ਲਿਆ ਹੈ। ਉਧਰ ਮੋਟਰਸਾਈਕਲ ਮੁਹੱਈਆ ਕਰਵਾਉਣ ਵਾਲੇ ਚਾਰ ਮੁਲਜ਼ਮਾਂ ਨੂੰ ਸ਼ਾਹਕੋਟ ਪੁਲੀਸ ਨੇ ਅੱਜ ਦੇਰ ਸ਼ਾਮ ਨਕੋਦਰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਪੰਜ ਦਨਿ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਸ਼ਾਹਕੋਟ ਦੇ ਐੱਸਐੱਚਓ ਗੁਰਜਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ 18 ਮਾਰਚ ਨੂੰ ਅੰਮ੍ਰਿਤਪਾਲ, ਜਿਸ ਬਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਪਿੰਡ ਨੰਗਲ ਅੰਬੀਆਂ ਖੁਰਦ ਪਹੁੰਚਿਆ ਸੀ, ਉਹ ਉਨ੍ਹਾਂ ਨੂੰ ਪਿੰਡ ਨਵਾਂ ਕਿਲਾ ਦੇ ਮਨਪ੍ਰੀਤ ਸਿੰਘ ਮੰਨਾ ਦੇ ਘਰੋਂ ਬਰਾਮਦ ਹੋਈ ਸੀ। ਇਸ ਮਗਰੋਂ ਪਿੰਡ ਨੰਗਲ ਅੰਬੀਆਂ ਖੁਰਦ ‘ਚੋ ਉਸ ਨੂੰ ਭਜਾਉਣ ਲਈ ਬੁਲੇਟ ਤੇ ਪਲੈਟੀਨਾ ਮੋਟਰਸਾਈਕਲ ਮੁਹੱਈਆ ਕਰਵਾਉਣ ਵਾਲੇ ਮਨਪ੍ਰੀਤ ਸਿੰਘ ਉਰਫ ਮੰਨਾ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ), ਗੁਰਭੇਜ ਸਿੰਘ ਉਰਫ ਭੇਜਾ ਵਾਸੀ ਗੁੰਦਰਾ ਬਾਜਾਖਾਨਾ (ਫਰੀਦਕੋਟ) ਅਤੇ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਬਲ ਨੌਂ (ਨਕੋਦਰ) ਨੂੰ ਬੀਤੇ ਦਨਿ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਮੁਲਜ਼ਮਾਂ ਨੂੰ ਅੱਜ ਨਕੋਦਰ ਅਦਾਲਤ ‘ਚ ਪੇਸ਼ ਕੀਤਾ ਗਿਆ। ਐੱਸਐੱਚਓ ਨੇ ਦੱਸਿਆ ਕਿ ਪਿੰਡ ਨੰਗਲ ਅੰਬੀਆਂ ਖੁਰਦ ਤੋਂ ਭੇਸ ਬਦਲ ਕੇ ਭੱਜਣ ਸਮੇਂ ਅੰਮ੍ਰਿਤਪਾਲ ਨੇ ਜਿਸ ਪਲੈਟੀਨਾ ਮੋਟਰਸਾਈਕਲ (ਪੀਬੀ08 ਸੀਯੂ 8884) ਦੀ ਵਰਤੋਂ ਕੀਤੀ ਸੀ, ਉਹ ਉਨ੍ਹਾਂ ਨੂੰ ਅੱਜ ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਦਾਰਾਪੁਰ ‘ਚੋਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਨੰਗਲ ਅੰਬੀਆਂ ਤੋਂ ਫਰਾਰ ਹੋਏ ਸਨ। ਮਗਰੋਂ ਦੋਵੇਂ ਪਿੰਡ ਦਾਰਾਪੁਰ ‘ਚ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਨਿਰਮਲ ਕੁਮਾਰ ਵਾਸੀ ਮੁਹੱਲਾ ਰਵਿਦਾਸ (ਨਕੋਦਰ) ਦੇ ਨਾਮ ‘ਤੇ ਰਜਿਸਟਰਡ ਹੈ।