ਚੰਡੀਗੜ੍ਹ ’ਚ ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ
ਨੌਜਵਾਨ ਭਾਰਤ ਸਭਾ ਵੱਲੋਂ ਅੱਜ ਅਸੈਂਬਲੀ ਬੰਬ ਕਾਂਡ ਨੂੰ ਸਮਰਪਿਤ ਸੂਬੇ ਭਰ ਵਿੱਚ ਅੱਧਾ ਦਰਜਨ ਜ਼ਿਲ੍ਹਿਆਂ ਵਿੱਚ ਮੋਟਰਸਾਈਕਲ ਮਾਰਚ ਕੱਢੇ। ਇਸ ਦੌਰਾਨ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਜਲੰਧਰ, ਪਟਿਆਲਾ ਵਿਖੇ ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ...
ਨੌਜਵਾਨ ਭਾਰਤ ਸਭਾ ਵੱਲੋਂ ਅੱਜ ਅਸੈਂਬਲੀ ਬੰਬ ਕਾਂਡ ਨੂੰ ਸਮਰਪਿਤ ਸੂਬੇ ਭਰ ਵਿੱਚ ਅੱਧਾ ਦਰਜਨ ਜ਼ਿਲ੍ਹਿਆਂ ਵਿੱਚ ਮੋਟਰਸਾਈਕਲ ਮਾਰਚ ਕੱਢੇ। ਇਸ ਦੌਰਾਨ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਜਲੰਧਰ, ਪਟਿਆਲਾ ਵਿਖੇ ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ। ਸਭਾ ਦੇ ਜਨਰਲ ਸਕੱਤਰ ਕਰਮਜੀਤ ਮਾਣੂਕੇ, ਸੂਬਾ ਪ੍ਰਧਾਨ ਮੰਗਾ ਆਜ਼ਾਦ, ਮੀਤ ਪ੍ਰਧਾਨ ਮੰਗਲਜੀਤ ਪੰਡੋਰੀ, ਖਜ਼ਾਨਚੀ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਵਿੱਚ ਪੁਲੀਸ ਵੱਲੋਂ ਧੱਕੇਸ਼ਾਹੀ ਨਾਲ ਮੁਕਾਬਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਨੂੰ ਪੁਲੀਸ ਸਟੇਟ ਬਣਾਉਣ ਵੱਲ ਵਧ ਰਹੀ ਹੈ। ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਧਰਨੇ ਮੁਜ਼ਾਹਰਿਆਂ ਨੂੰ ਪੁਲੀਸ ਦੇ ਜ਼ੋਰ ’ਤੇ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਦੀ ਅਲੋਚਨਾਂ ਕਰਨ ਵਾਲੇ ਪੱਤਰਕਾਰਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਚੈਨਲ ਬੰਦ ਕਰਵਾਏ ਜਾ ਰਹੇ ਹਨ। ਸੂਬਾ ਆਗੂ ਦਵਿੰਦਰ ਛਬੀਲਪੁਰ ਤੇ ਹਰਜਿੰਦਰ ਖੋਖਰ ਨੇ ਕਿਹਾ ਕਿ ਅਮਰੀਕਾ-ਇਰਾਨ ਜੰਗ ਕਾਰਨ ਰਸੋਈ ਗੈਸ ਦੀ ਸਪਲਾਈ ਦੀ ਲਗਾਤਾਰ ਕਿੱਲਤ ਬਣੀ ਹੋਈ ਹੈ ਜਿਸ ਨੂੰ ਹੱਲ ਕਰਨਾ ਚਾਹੀਦੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਸੁਲਤਾਨਪੁਰ ਲੋਧੀ ’ਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ।

