ਗੈਸ ਪਾਈਪ ਲਾਈਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਮੋਟਰਸਾਈਕਲ ਮਾਰਚ

ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 4 ਅਗਸਤ

ਬਲਾਕ ਦੇ ਪਿੰਡਾਂ ਦੇ ਖੇਤਾਂ ਵਿੱਚ ਗੇਲ ਵੱਲੋਂ ਗੈਸ ਪਾਈਪ ਲਾਈਨ ਪਾਉਣ ਦੇ ਵਿਰੋਧ ਵਿੱਚ ਅੱਜ ਕਿਸਾਨਾਂ-ਮਜ਼ਦੂਰਾਂ ਦੀ ਲਾਮਬੰਦੀ ਲਈ ਨਰੂਆਣਾ ਤੋਂ ਲੈ ਕੇ ਵਾਇਆ ਗਹਿਰੀ ਬੁੱਟਰ ਹੁੰਦੇ ਹੋਏ ਰਾਮਸਰਾ ਤੱਕ 11 ਪਿੰਡਾਂ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਸਲੇ ’ਤੇ ਮਹੀਨੇ ਤੋਂ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸ੍ਰੀ ਅਜੇਪਾਲ ਸਿੰਘ ਨੇ ਦੱਸਿਆ ਕਿ ਰਾਮਸਰਾ ਪਿੰਡ ਦੇ ਬਾਹਰ ਰਿਫਾਇਨਰੀ ਰੋਡ ਤੇ ਮੋਟਰਸਾਈਕਲ ਮਾਰਚ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜੱਗਾ ਸਿੰਘ ਜੋਗੇਵਾਲਾ ਤੇ ਬੀਕੇਯੂ ਡਕੌਂਦਾ ਦੇ ਆਗੂ ਰਾਜਵਿੰਦਰ ਸਿੰਘ ਫੌਜੀ ਤੇ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਕਿਸਾਨਾਂ ਨੂੰ ਕਿਹਾ ਕਿ ਗੇਲ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਧੱਕੇ ਨਾਲ ਪਾਈਪ ਲਾਈਨ ਪਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਪਰ ਇਹ ਪਾਈਪ ਲਾਈਨ ਕਿਸੇ ਵੀ ਕੀਮਤ ਉੱਤੇ ਨਹੀਂ ਪੈਣ ਦਿੱਤੀ ਜਾਵੇਗੀ। ਆਗੂਆਂ ਨੇ ਪ੍ਰਸ਼ਾਸਨ ਨੂੰ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇ ਗੇਲ ਇਸ ਸਮੇਂ ਦੌਰਾਨ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ 12 ਅਗਸਤ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ 2 ਘੰਟੇ ਡੱਬਵਾਲੀ ਰੋਡ ’ਤੇ ਧਰਨਾ ਦਿੱਤਾ ਜਾਵੇਗਾ। ਇਸ ਐਕਸ਼ਨ ਦੀ ਤਿਆਰੀ ਵਿੱਚ ਪਿੰਡਾਂ ਵਿੱਚ ਢੋਲ ਮਾਰਚ ਕੀਤੇ ਜਾਣਗੇ। ਉਨ੍ਹਾਂ ਮੰਗ ਵੀ ਕੀਤੀ ਕਿ ਪੀੜ੍ਹਤ ਕਿਸਾਨਾਂ ਨੂੰ ਪ੍ਰਤੀ ਕਿੱਲਾ 1 ਕਰੋੜ ਰੁਪਏ ਮੁਆਵਜ਼ਾ, ਪਰਿਵਾਰ ਦੇ ਹਰ ਜੀਅ ਨੂੰ ਨੌਕਰੀ, ਤਿੰਨ ਸਾਲਾਂ ਦੀ ਫਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਹਰੇਕ ਪੀੜ੍ਹਤ ਪਰਿਵਾਰ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਬੀਕੇਯੂ ਡਕੌਂਦਾ ਦੇ ਆਗੂ ਬੂਟਾ ਸਿੰਘ ਤੁੰਗਵਾਲੀ, ਰਾਜਮਹਿੰਦਰ ਸਿੰਘ ਕੋਟਭਾਰਾ,ਮੰਦਰ ਸਿੰਘ ਗਹਿਰੀ ਬੁੱਟਰ,ਕੁਲਵੰਤ ਰਾਏ ਸ਼ਰਮਾ ਰਾਏਕੇ ਕਲਾਂ ਬੀਕੇਯੂ ਉਗਰਾਹਾਂ,ਰਾਮ ਸਿੰਘ ਕੋਟਗੁਰੂ,ਧਰਮਪਾਲ ਸਿੰਘ ਜੰਡੀਆ,ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਦਰਸਨ ਸਿੰਘ ਜਮਹੂਰੀ ਕਿਸਾਨ ਸਭਾ,ਮੇਜਰ ਸਿੰਘ ਸੁਖਲੱਦੀ,ਭਿੰਦਰ ਸਿੰਘ ਗਹਿਰੀ ਬੁੱਟਰ,ਲਖਵਿੰਦਰ ਸਿੰਘ ਰੱਘੂਬੰਗੀ,ਜਸਪ੍ਰੀਤ ਸਿੰਘ ਨਰੂਆਣਾ,ਹਰਭਜਨ ਸਿੰਘ,ਗੁਰਚਰਨ ਸਿੰਘ ਭਗਵਾਨਗੜ੍ਹ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All