ਡਿਗਰੀ ਲੈਣ ਗਈ ਦੋ ਬੱਚਿਆਂ ਦੀ ਮਾਂ ਲਾਪਤਾ
ਇਸ ਸ਼ਹਿਰ ਦੇ ਡਾਬਾ ਇਲਾਕੇ ਬੀ ਏ ਦੀ ਡਿਗਰੀ ਲੈਣ ਲਈ ਖੰਨਾ ਸਥਿਤ ਯੂਨੀਵਰਸਿਟੀ ਸੈਂਟਰ ਗਈ ਵਿਆਹੁਤਾ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈ। ਮਹਿਲਾ ਦੇ ਗਾਇਬ ਹੋਣ ਤੋਂ ਬਾਅਦ ਤੋਂ ਹੀ ਉਸ ਦਾ ਮੋਬਾਈਲ ਫ਼ੋਨ ਬੰਦ ਹੈ। ਔਰਤ ਦੇ ਪਤੀ...
ਇਸ ਸ਼ਹਿਰ ਦੇ ਡਾਬਾ ਇਲਾਕੇ ਬੀ ਏ ਦੀ ਡਿਗਰੀ ਲੈਣ ਲਈ ਖੰਨਾ ਸਥਿਤ ਯੂਨੀਵਰਸਿਟੀ ਸੈਂਟਰ ਗਈ ਵਿਆਹੁਤਾ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈ। ਮਹਿਲਾ ਦੇ ਗਾਇਬ ਹੋਣ ਤੋਂ ਬਾਅਦ ਤੋਂ ਹੀ ਉਸ ਦਾ ਮੋਬਾਈਲ ਫ਼ੋਨ ਬੰਦ ਹੈ। ਔਰਤ ਦੇ ਪਤੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਕਿਸੇ ਵੱਲੋਂ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਹੈ। ਮਾਂ ਦੇ ਘਰ ਨਾ ਪਰਤਣ ਕਾਰਨ ਉਸ ਦੇ ਦੋ ਬੱਚਿਆਂ ਦਾ ਬੁਰਾ ਹਾਲ ਹੈ। ਇਸ ਮਾਮਲੇ ਵਿੱਚ ਡਾਬਾ ਦੇ ਰਮੇਸ਼ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਥਾਣਾ ਡਾਬਾ ਨੇ ਕੇਸ ਦਰਜ ਕਰ ਲਿਆ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਜਾ (30) ਨੇ ਵਿਆਹ ਤੋਂ ਲੰਮੇ ਸਮੇਂ ਬਾਅਦ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਸੀ। ਇਸੇ ਸਾਲ ਉਸ ਦੀ ਗ੍ਰੈਜੂਏਸ਼ਨ ਪੂਰੀ ਹੋਈ ਸੀ ਤੇ ਉਹ ਉਹ ਬਹੁਤ ਖੁਸ਼ ਸੀ। 29 ਜੂਨ ਨੂੰ ਪੂਜਾ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਖੰਨਾ ਸਥਿਤ ਰਿਜਨਲ ਸੈਂਟਰ ਤੋਂ ਆਪਣੀ ਬੀ ਏ ਦੀ ਡਿਗਰੀ ਲੈਣ ਘਰੋਂ ਰਵਾਨਾ ਹੋਈ। ਰਮੇਸ਼ ਖੰਨਾ ਸਥਿਤ ਯੂਨੀਵਰਸਿਟੀ ਦੇ ਦਫ਼ਤਰ ਵੀ ਪਹੁੰਚਿਆ, ਪਰ ਉੱਥੋਂ ਦੇ ਰਿਕਾਰਡ ਅਤੇ ਸਟਾਫ਼ ਤੋਂ ਪਤਾ ਲੱਗਿਆ ਕਿ ਪੂਜਾ ਉਸ ਦਿਨ ਉੱਥੇ ਆਈ ਹੀ ਨਹੀਂ। ਮਹਿਲਾ ਦੇ ਲਾਪਤਾ ਹੋਣ ਦੇ ਅੱਠਵੇਂ ਦਿਨ ਪੁਲੀਸ ਨੇ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਕੀਤੀ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਡਾਬਾ ਥਾਣੇ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਲਾਪਤਾ ਮਹਿਲਾ ਦੇ ਮੋਬਾਈਲ ਦੀ ਕਾਲ ਡਿਟੇਲ ਰਿਕਾਰਡ ਕਢਵਾਈ ਜਾ ਰਹੀ ਹੈ ਤਾਂ ਜੋ ਆਖ਼ਰੀ ਸਮੇਂ ਵਿੱਚ ਉਸ ਦੀ ਹੋਈ ਗੱਲਬਾਤ ਬਾਰੇ ਪਤਾ ਲਗਾਇਆ ਜਾ ਸਕੇ।
