ਪਾਲ ਸਿੰਘ ਨੌਲੀ
ਸੁਲਤਾਨਪੁਰ ਲੋਧੀ ਵਿੱਚ ਅੱਜ ਮਾਂ ਨੇ ਆਪਣੇ ਦੋ ਬੱਚਿਆਂ ਸਣੇ ਕਾਲੀ ਵੇਈਂ ’ਚ ਛਾਲ ਮਾਰ ਦਿੱਤੀ। ਇਸ ਕਾਰਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ, ਜਦਕਿ ਔਰਤ ਨੂੰ ਰਾਹਗੀਰਾਂ ਨੇ ਬਚਾਅ ਲਿਆ। ਪੁਲੀਸ ਨੇ ਮਹਿਲਾ ’ਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਔਰਤ ਦੀ ਪਛਾਣ ਸਿਮਰਨ ਕੌਰ ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ ਵਜੋਂ ਹੋਈ। ਜਾਨ ਗੁਆਉਣ ਵਾਲੇ ਬੱਚਿਆਂ ਦੀ ਪਛਾਣ ਵੀਰ ਪ੍ਰਤਾਪ ਸਿੰਘ (6) ਅਤੇ ਗੁਰਪ੍ਰਤਾਪ ਸਿੰਘ (2) ਵਜੋਂ ਹੋਈ ਹੈ।
ਭਰਪੂਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਡੱਲਾ ਸਾਹਿਬ ਵਿਖੇ ਏਅਰਕੰਡੀਸ਼ਨਾਂ ਦੀ ਸਰਵਿਸ ਕਰਦਾ ਹੈ। ਲੰਘੀ ਰਾਤ ਕਿਸੇ ਗੱਲ ਤੋਂ ਉਸ ਦਾ ਆਪਣੀ ਪਤਨੀ ਸਿਮਰਨ ਕੌਰ ਨਾਲ ਝਗੜਾ ਹੋ ਗਿਆ ਸੀ। ਉਪਰੰਤ ਅੱਜ ਉਸ ਦੀ ਪਤਨੀ ਆਪਣੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਵੇਈਂ ਕੰਢੇ ਪਿੰਡ ਗਾਜ਼ੀਪੁਰ ਦੇ ਸ਼ਮਸ਼ਾਨਘਾਟ ਨੇੜੇ ਆ ਗਈ। ਉਸ ਨੇ ਦੋਵਾਂ ਬੱਚਿਆਂ ਸਣੇ ਵੇਈਂ ਵਿੱਚ ਛਾਲ ਮਾਰ ਦਿੱਤੀ। ਬੱਚਿਆਂ ਦੇ ਸਕੂਲ ਬੈਗ ਵੀ ਵੇਈਂ ਕੰਢੇ ਪਏ ਸਨ। ਭਰਪੂਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਪਰਿਵਾਰ ਅਕਸਰ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਤੋਂ ਦੋ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਨੇ ਬੱਚਿਆਂ ਦੀਆਂ ਲਾਸ਼ਾਂ ਵੇਈਂ ਵਿੱਚੋਂ ਕੱਢਣ ਵਿੱਚ ਮਦਦ ਕੀਤੀ।

