ਕਸਬਾ ਤਲਵੰਡੀ ਸਾਬੋ ਵਿੱਚ ਦੇਰ ਰਾਤ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ, ਜਦਕਿ ਦੋ ਧੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਇਲਾਜ ਏਮਸ ਬਠਿੰਡਾ ਵਿੱਚ ਚੱਲ ਰਿਹਾ ਹੈ। ਧਰਮ ਸਿੰਘ ਉਰਫ਼ ਕਾਲਾ ਆਪਣੇ ਪਰਿਵਾਰ ਸਮੇਤ ਸੁੱਤਾ ਸੀ ਕਿ ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਢਹਿ ਗਈ, ਜਿਸ ਕਾਰਨ ਅੰਦਰ ਸੁੱਤੀ ਉਸ ਦੀ ਪਤਨੀ ਵੀਰਪਾਲ ਕੌਰ (40) ਅਤੇ ਪੁੱਤਰ ਅਰਸ਼ਦੀਪ ਸਿੰਘ (14) ਮਲਬੇ ਹੇਠਾਂ ਦੱਬ ਗਏ ਤੇ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਵਿੱਚ ਪਰਿਵਾਰ ਦੀਆਂ ਦੋ ਧੀਆਂ ਸਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮਲਬਾ ਹਟਾ ਕੇ ਦੋਵਾਂ ਬੱਚੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਪਹਿਲਾਂ ਤਲਵੰਡੀ ਸਾਬੋ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ, ਜਿੱਥੇ ਦੋਵਾਂ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਪਰਿਵਾਰ ਦਾ ਮੁਖੀ ਧਰਮ ਸਿੰਘ ਕਮਰੇ ਤੋਂ ਬਾਹਰ ਸੁੱਤਾ ਸੀ, ਜਿਸ ਕਾਰਨ ਉਹ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ। ਪਰਿਵਾਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ।
ਪੀੜਤ ਪਰਿਵਾਰ ਦੀ ਮਦਦ ਦੀ ਮੰਗ
ਪੀੜਤ ਪਰਿਵਾਰ ਦੇ ਗੁਆਂਢੀਆਂ ਦਰਸ਼ਨ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਕਮਰੇ ਦੀ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਹੋ ਚੁੱਕੀ ਸੀ। ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਇਸ ਦੀ ਮੁਰੰਮਤ ਨਹੀਂ ਕਰਵਾ ਸਕੇ, ਜਿਸ ਕਾਰਨ ਇਹ ਹਾਦਸਾ ਹੋ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਜ਼ਖ਼ਮੀ ਬੱਚੀਆਂ ਦੇ ਇਲਾਜ ਦਾ ਪੂਰਾ ਖ਼ਰਚ ਚੁੱਕਣ ਦੀ ਮੰਗ ਕੀਤੀ ਹੈ।

