ਮਾਂ-ਧੀ ਦੀ ਅੱਗ ਲੱਗਣ ਕਾਰਨ ਮੌਤ
ਇਸ ਹਲਕੇ ਦੇ ਪਿੰਡ ਸ਼ਕਰ ਮੰਦੋਰੀ ਵਿੱਚ ਮਾਂ ਤੇ ਉਸ ਦੀ ਦੋ ਸਾਲਾ ਧੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਔਰਤ ਦੇ ਮਾਪਿਆਂ ਨੇ ਉਨ੍ਹਾਂ ਦੀ ਧੀ ਅਤੇ ਦੋਹਤੀ ਨੂੰ ਸਹੁਰਿਆਂ ਵੱਲੋਂ ਜ਼ਿੰਦਾ ਸਾੜੇ ਜਾਣ ਦੇ ਦੋਸ਼ ਲਗਾਏ...
ਇਸ ਹਲਕੇ ਦੇ ਪਿੰਡ ਸ਼ਕਰ ਮੰਦੋਰੀ ਵਿੱਚ ਮਾਂ ਤੇ ਉਸ ਦੀ ਦੋ ਸਾਲਾ ਧੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਔਰਤ ਦੇ ਮਾਪਿਆਂ ਨੇ ਉਨ੍ਹਾਂ ਦੀ ਧੀ ਅਤੇ ਦੋਹਤੀ ਨੂੰ ਸਹੁਰਿਆਂ ਵੱਲੋਂ ਜ਼ਿੰਦਾ ਸਾੜੇ ਜਾਣ ਦੇ ਦੋਸ਼ ਲਗਾਏ ਹਨ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਪਛਾਣ ਕਵਿਤਾ (32) ਅਤੇ ਸਾਨਵੀ 2 ਸਾਲ ਵਾਸੀ ਸ਼ਕਰ ਮੰਦੋਰੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਵਿਤਾ ਦਾ ਵਿਆਹ 4 ਸਾਲ ਪਹਿਲਾਂ ਸੰਦੀਪ ਨਾਲ ਹੋਇਆ ਸੀ। ਮ੍ਰਿਤਕਾ ਦੇ ਭਰਾ ਸਤੀਸ਼ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਸਹੁਰਾ ਪਰਿਵਾਰ ਉਸ ਨੂੰ ਵਿੱਤੀ ਲੈਣ-ਦੇਣ ਬਾਰੇ ਤਾਅਨੇ ਮਾਰਦਾ ਆ ਰਿਹਾ ਸੀ। ਇਸ ਕਾਰਨ ਦੋ ਸਾਲ ਪਹਿਲਾਂ ਪੰਚਾਇਤ ਹੋਈ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅਤੇ ਦੋਹਤੀ ਨੂੰ ਸਹੁਰੇ ਪਰਿਵਾਰ ਵੱਲੋਂ ਅੱਗ ਲਗਾ ਕੇ ਸਾੜਿਆ ਗਿਆ ਹੈ, ਜਦੋਂ ਕਿ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਸਮੇਂ ਘਰ ਵਿੱਚ ਹੋਰ ਕੋਈ ਨਹੀਂ ਸੀ। ਗੁਆਂਢੀਆਂ ਨੇ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਹੈ। ਕਵਿਤਾ ਕਮਰੇ ਵਿੱਚ ਸੜੀ ਹੋਈ ਮਿਲੀ ਅਤੇ ਸਾਨਵੀ ਚੀਕਾਂ ਮਾਰਦੀ ਹੋਈ ਬਾਹਰ ਵੱਲ ਭੱਜੀ ਤਾਂ ਗੁਆਂਢੀ ਪਹੁੰਚੇ। ਉਸ ਨੂੰ ਨਾਥੂਸਰੀ ਚੌਪਟਾ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਦੀ ਹਾਲਤ ਵਿਗੜਨ ’ਤੇ ਉਸ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ ਹਿਸਾਰ ਭੇਜਿਆ ਗਿਆ। ਇਲਾਜ ਦੌਰਾਨ ਸਾਨਵੀ ਦੀ ਵੀ ਮੌਤ ਹੋ ਗਈ। ਨਾਥੂਸਰੀ ਚੌਪਟਾ ਥਾਣਾ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਕੁਮਾਰ (35), ਸੱਸ ਸ਼ਾਂਤੀ ਦੇਵੀ, ਸਹੁਰਾ ਓਮ ਸਹਾਰਨ ਅਤੇ ਨਣਦ ਖਿਲਾਫ਼ ਮਾਮਲਾ ਦਰਜ ਕੀਤਾ ਹੈ।

