ਦਿੱਲੀ ਪੁਲੀਸ ਨੇ 1,200 ਕਿਲੋਮੀਟਰ ਤੱਕ ਪਿੱਛਾ ਕਰਨ ਮਗਰੋਂ ‘ਸਪੈਸ਼ਲ 26’ (ਫ਼ਿਲਮ) ਤੋਂ ਪ੍ਰੇਰਿਤ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਹੈ। ਇਸ ਗਰੋਹ ਨੇ ਸੁਰੱਖਿਆ ਅਧਿਕਾਰੀਆਂ ਦਾ ਭੇਸ ਧਾਰ ਕੇ 27 ਨਵੰਬਰ ਨੂੰ ਕਰੋਲ ਬਾਗ ’ਚ ਗਹਿਣਿਆਂ ਦੀ ਵਰਕਸ਼ਾਪ ਤੋਂ ਸੋਨਾ ਚੋਰੀ ਕੀਤੀ ਸੀ।
ਅਧਿਕਾਰੀਆਂ ਮੁਤਾਬਕ ਚੋਰੀ ਦੀਆਂ ਘਟਨਾਵਾਂ ’ਤੇ ਆਧਾਰਿਤ ਬੌਲੀਵੁੱਡ ਫਿਲਮ ‘ਸਪੈਸ਼ਲ 26’ ਤੋਂ ਪ੍ਰੇਰਿਤ ਇਸ ਗਰੋਹ ਨੇ 27 ਨਵੰਬਰ ਨੂੰ ਕਾਨੂੰਨੀ ਏਜੰਸੀਆਂ ਦੇ ਅਧਿਕਾਰੀ ਬਣ ਕੇ ਡਕੈਤੀ ਨੂੰ ਅੰਜਾਮ ਦਿੱਤਾ। ਵਾਰਦਾਤ ਸਮੇਂ ਇੱਕ ਮੈਂਬਰ ਪੁਲੀਸ ਦੀ ਵਰਦੀ ਵਿੱਚ ਸੀ ਜਦੋਂ ਕਿ ਬਾਕੀ ਆਮਦਨ ਕਰ ਅਧਿਕਾਰੀ ਬਣ ਕੇ ਜਾਂਚ ਕਰਨ ਪਹੁੰਚੇ ਸਨ। ਮੁਲਜ਼ਮਾਂ ਨੇ ਜਾਂਚ ਬਹਾਨੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ। ਸੀ ਸੀ ਟੀ ਵੀ ਦੀ ਡੀ ਵੀ ਆਰ ਹਟਾ ਦਿੱਤੀ ਤੇ ਇੱਕ ਕਿਲੋ ਸੋਨਾ ਲੈ ਕੇ ਫਰਾਰ ਹੋ ਗਏ। ਦਿੱਲੀ ਪੁਲੀਸ ਨੇ ਡਕੈਤੀ ਮਾਮਲੇ ਦੀ ਜਾਂਚ ਕਰਦਿਆਂ ਗਰੋਹ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਬਹਾਦਰਗੜ੍ਹ, ਰੋਹਤਕ, ਸੋਨੀਪਤ, ਪਾਣੀਪਤ, ਝੱਜਰ, ਹਿਸਾਰ ਅਤੇ ਜੀਂਦ ਸਮੇਤ ਕਈ ਥਾਵਾਂ ’ਤੇ 250 ਤੋਂ ਵੱਧ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤੇ ਅਧਿਕਾਰੀਆਂ ਨੂੰ ਮਸ਼ਕੂ ਸੰਦੀਪ ਦਾ ਬਹਾਦਰਗੜ੍ਹ ਦਾ ਪਤਾ ਲੱਗਾ। ਉਸ ਤੋਂ ਪੁੱਛ-ਪੜਤਾਲ ਮਗਰੋਂ ਉਸ ਦੇ ਚਾਰ ਹੋਰ ਸਾਥੀਆਂ ਪਰਵਿੰਦਰ, ਰਾਕੇਸ਼, ਸ਼ਮਿੰਦਰ ਤੇ ਲਵਪ੍ਰੀਤ ਨੂੰ ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਪੁਲੀਸ ਨੇ ਮੁਲਜ਼ਮਾਂ ਦਾ ਤਿੰਨ ਦਿਨ ਪਿੱਛਾ ਕਰਦਿਆਂ 1,200 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਘਟਨਾ ’ਚ ਪਰਵਿੰਦਰ ਦੀ ਪਛਾਣ ਮਾਸਟਰਮਾਈਂਡ ਵਜੋਂ ਹੋਈ, ਜਦੋਂ ਕਿ ਸੰਦੀਪ ਨੇ ਬਾਕੀ ਤਾਲਮੇਲ ਕੀਤਾ। ਸ਼ਮਿੰਦਰ ਨੇ ਪੁਲੀਸ ਅਧਿਕਾਰੀ ਦਾ ਭੇਸ ਧਾਰਿਆ ਤੇ ਲਵਪ੍ਰੀਤ ਨੇ ਆਮਦਨ ਕਰ ਅਧਿਕਾਰੀ ਵਜੋਂ ਕੰਮ ਕੀਤਾ।

