ਉੱਤਰਾਖੰਡ ਵਿੱਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੁਣ ਤੱਕ 2 ਲੱਖ ਤੋਂ ਵੱਧ ਸ਼ਰਧਾਲੂ 15,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਾਪਤ ਗੁਰੂ ਘਰ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੌਰਾਨ 99 ਸਾਲਾ ਬਿਰਧ ਹਰਬੰਤ ਕੌਰ ਦਸਵੀਂ ਵਾਰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ ਈ ਓ ਸੇਵਾ ਸਿੰਘ ਨੇ ਦੱਸਿਆ ਕਿ ਮਾਤਾ ਹਰਬੰਤ ਕੌਰ ਆਪਣੀ ਉਮਰ ਦੇ 98 ਸਾਲ ਮੁਕੰਮਲ ਕਰ ਚੁੱਕੇ ਹਨ ਅਤੇ ਹੁਣ 99ਵੇਂ ਵਰ੍ਹੇ ਵਿੱਚ ਦਾਖ਼ਲ ਹੋਏ ਹਨ। ਇਸ ਵਰ੍ਹੇ ਇਹ ਉਨ੍ਹਾਂ ਦੀ ਦਸਵੀਂ ਯਾਤਰਾ ਹੈ। ਉਹ ਹਰ ਸਾਲ ਹੀ ਟਾਟਾ ਨਗਰ ਤੋਂ ਆਉਂਦੇ ਜਥੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਯਾਤਰਾ ’ਤੇ ਆਉਣ ਸਮੇਂ ਟਰੱਸਟ ਵੱਲੋਂ ਉਨ੍ਹਾਂ ਦਾ ਹਰ ਤਰ੍ਹਾਂ ਦਾ ਧਿਆਨ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਹਰਬੰਤ ਕੌਰ ਦੇ ਪਤੀ ਮਹਾਰਾਜਾ ਪਟਿਆਲਾ ਦੀ ਪੋਲੋ ਟੀਮ ਵਿੱਚ ਸ਼ਾਮਲ ਸਨ। ਇਸ ਸਾਲ ਹੁਣ ਤੱਕ ਯਾਤਰਾ ’ਤੇ ਲਗਭਗ ਦੋ ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਹੇਮਕੁੰਟ ਸਾਹਿਬ ਵਿੱਚ ਮੱਥਾ ਟੇਕ ਚੁੱਕੇ ਹਨ। ਇਸ ਵਾਰ ਬਰਸਾਤ ਘੱਟ ਹੋਣ ਕਾਰਨ ਮੌਸਮ ਖੁਸ਼ਕ ਹੈ ਅਤੇ ਰਸਤੇ ਠੀਕ ਹਨ ਜਿਸ ਕਾਰਨ ਸ਼ਰਧਾਲੂਆਂ ਦੀ ਆਮਦ ਵਿੱਚ ਕਮੀ ਨਹੀਂ ਆਈ। ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਨੂੰ ਸ਼ੁਰੂ ਹੋਈ ਸੀ। ਯਾਤਰਾ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

