Monsoon Session: ਝਲਕੀਆਂ-ਅੱਧੀ ਬਾਲਟੀ ਨਾਲ ਇਸ਼ਨਾਨ ਕਰਨਾ ਕੋਈ ਮੰਤਰੀ ਜੀ ਤੋਂ ਸਿੱਖੇ..!
ਸਿਆਣੇ ਆਖਦੇ ਹਨ ਕਿ ਚੰਗੀ ਗੱਲ ਕਿਤੋਂ ਵੀ ਮਿਲੇ, ਲੜ ਬੰਨ੍ਹ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਅੱਜ ਸਦਨ ’ਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪਾਣੀ ਦੇ ਮਹੱਤਵ ਦੇ ਹਵਾਲੇ ਨਾਲ ਕਿਹਾ ਕਿ ਉਹ ਤਾਂ ਅੱਧੀ ਬਾਲਟੀ ਪਾਣੀ ਨਾਲ...
ਸਿਆਣੇ ਆਖਦੇ ਹਨ ਕਿ ਚੰਗੀ ਗੱਲ ਕਿਤੋਂ ਵੀ ਮਿਲੇ, ਲੜ ਬੰਨ੍ਹ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਅੱਜ ਸਦਨ ’ਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪਾਣੀ ਦੇ ਮਹੱਤਵ ਦੇ ਹਵਾਲੇ ਨਾਲ ਕਿਹਾ ਕਿ ਉਹ ਤਾਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦੇ ਹਨ, ਸਾਬਣ ਦੀ ਵਰਤੋਂ ਤਾਂ ਹਫ਼ਤੇ ਦਸ ਦਿਨਾਂ ਮਗਰੋਂ ਕਰਦੇ ਹਨ। ਦੂਸਰੀ ਦਫ਼ਾ ਹੈ ਕਿ ਜਦੋਂ ਗੋਇਲ ਨੇ ਸਦਨ ’ਚ ਪਾਣੀ ਸੰਜਮ ਨਾਲ ਵਰਤਣ ਦੀ ਗੱਲ ਆਖੀ।
* ਜਲ ਸਰੋਤ ਮੰਤਰੀ ਨੇ ਜਦੋਂ ਪਹਾੜੀ ਖੇਤਰਾਂ ’ਚ ਨਹਿਰੀ ਪਾਣੀ ਦੇਣ ਦੀ ਗੱਲ ਕਹੀ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਤੁਸੀਂ ਤਾਂ ਟਿੱਬਿਆਂ ’ਤੇ ਵੀ ਪਾਣੀ ਚਾੜ੍ਹ ਦਿੱਤਾ।’
* ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਬਾਰੇ ਚਰਚਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲ ਵੇਖਦਿਆਂ ਕਿਹਾ ਕਿ ਉਹ ਇਸ ਯੋਜਨਾ ਤਹਿਤ ਆਪਣੇ ਗੋਡੇ ਬਦਲਵਾਉਣ ਬਾਰੇ ਵਿਚਾਰ ਕਰ ਰਹੇ ਹਨ। ਪਿਛਲੇ ਸਾਲ ਬਾਜਵਾ ਨੇ ਸੰਧਵਾਂ ’ਤੇ ਕੈਨੇਡਾ ਵਿੱਚ ਗੋਡੇ ਬਦਲਵਾਉਣ ਦਾ ਦੋਸ਼ ਲਾਇਆ ਸੀ। ਸੰਧਵਾਂ ਨੇ ਬਾਜਵਾ ’ਤੇ ਤਨਜ਼ ਕੱਸਦਿਆਂ ਕਿਹਾ ਕਿ ‘ਮੈਂ ਤਾਂ ਗੋਡੇ ਬਾਹਰੋਂ ਨਹੀਂ ਬਦਲਾਏ ਪਰ ਇੱਕ ਪ੍ਰਾਈਵੇਟ ਡਾਕਟਰ ਤੁਹਾਡੇ ਇਲਾਜ ਦੇ ਹਵਾਲੇ ਨਾਲ ਆਪਣੀ ਮਸ਼ਹੂਰੀ ਕਰ ਰਿਹਾ ਹੈ।
*ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਹਿਸ ਮੌਕੇ ਸਪੀਕਰ ਨੂੰ ਕਿਹਾ ਕਿ ‘ਜੇ ਬੋਲਣ ਲਈ ਦਸ ਮਿੰਟ ਦਿਓਗੇ, ਤਾਂ ਹੀ ਬੋਲਾਂਗਾ, ਨਹੀਂ ਬੈਠ ਜਾਂਦਾ ਹਾਂ। ਬਾਅਦ ’ਚ ਆਜ਼ਾਦ ਵਿਧਾਇਕ ਨੂੰ ਸਮਾਂ ਲੈਣ ਲਈ ਨਾਅਰੇ ਮਾਰਨੇ ਪਏ।
* ਕਾਂਗਰਸੀ ਵਿਧਾਇਕ ਜੋ ਰੋਸ ਵਜੋਂ ਸਦਨ ’ਚ ਗਲ ’ਚ ਕਾਲਾ ਪਰਨਾ ਪਾ ਕੇ ਆ ਰਹੇ ਸਨ, ਉਨ੍ਹਾਂ ’ਚੋਂ ਪਰਗਟ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਅੱਜ ਬਿਨਾਂ ਪਰਨੇ ਤੋਂ ਹੀ ਨਜ਼ਰ ਆਏ।
* ਸਪੀਕਰ ਦੀ ਕੁਰਸੀ ’ਤੇ ਬਿਰਾਜਮਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਬਹਿਸ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਹਲਕਾ ਗੜ੍ਹਸ਼ੰਕਰ ਦੇ ਸਫ਼ਾਈ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਅਸੀਸਾਂ ਭੇਜੀਆਂ ਹਨ ਕਿਉਂਕਿ ਉਨ੍ਹਾਂ ਦੀ ਤਨਖ਼ਾਹ 2,400 ਰੁਪਏ ਤੋਂ ਵਧਾ ਕੇ 22,400 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
* ਸੈਸ਼ਨ ਦੇ ਆਖ਼ਰੀ ਦਿਨ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਲਈ ਸਮਾਂ ਮਿਲਿਆ। ਸੁਖਪਾਲ ਸਿੰਘ ਖਹਿਰਾ ਨੇ ਅੱਜ ਬੀ ਡੀ ਪੀ ਓ ਕੁਲਵਿੰਦਰ ਰੰਧਾਵਾ ਦੀ ਪੋਲ ਖੋਲ੍ਹ ਦਿੱਤੀ ਅਤੇ ਉਸ ਦੇ ਕਈ ਘਪਲੇ ਗਿਣਾਏ ਪਰ ਪੰਚਾਇਤ ਮੰਤਰੀ ਸੌਂਦ ਜਵਾਬ ਦੇਣ ਲਈ ਨਾ ਉੱਠੇ।

