ਕੁੱਝ ਅਮੀਰਾਂ ਦੇ ਹੱਥਾਂ ਵਿੱਚ ਹੀ ਜਾ ਰਿਹੈ ਪੈਸਾ: ਗਡਕਰੀ
ਮੁੰਬਈ, 5 ਜੁਲਾਈ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਗਰੀਬਾਂ ਦੀ ‘ਵਧਦੀ’ ਗਿਣਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੈਸਾ ਕੁਝ ਕੁ ਅਮੀਰ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਰਿਹਾ ਹੈ। ਨਾਗਪੁਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਸੇ ਦੇ ਵਿਕੇਂਦਰੀਕਰਨ ਦੀ ਲੋੜ ਹੈ। ਉਨ੍ਹਾਂ ਖੇਤੀਬਾੜੀ, ਨਿਰਮਾਣ, ਟੈਕਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਜਨਤਕ-ਪ੍ਰਾਈਵੇਟ ਭਾਈਵਾਲੀ ਸਮੇਤ ਹੋਰ ਕਈ ਮੁੱਦਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, ‘ਹੌਲੀ-ਹੌਲੀ ਗਰੀਬਾਂ ਦੀ ਗਿਣਤੀ ਵਧ ਰਹੀ ਹੈ ਅਤੇ ਪੈਸਾ ਕੁਝ ਅਮੀਰ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’ ਉਨ੍ਹਾਂ ਕਿਹਾ, ‘ਅਰਥਚਾਰਾ ਇਸ ਤਰ੍ਹਾਂ ਨਾਲ ਵਧਣਾ ਚਾਹੀਦਾ ਹੈ, ਜਿਸ ਨਾਲ ਨੌਕਰੀਆਂ ਪੈਦਾ ਹੋਣ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਹੋਵੇ। ਉਨ੍ਹਾਂ ਕਿਹਾ, ‘ਅਸੀਂ ਆਰਥਿਕ ਬਦਲ ’ਤੇ ਵਿਚਾਰ ਕਰ ਰਹੇ ਹਾਂ, ਜੋ ਨੌਕਰੀਆਂ ਪੈਦਾ ਕਰੇਗਾ ਅਤੇ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ। ਪੈਸੇ ਦੇ ਵਿਕੇਂਦਰੀਕਰਨ ਦੀ ਲੋੜ ਹੈ ਅਤੇ ਇਸ ਦਿਸ਼ਾ ਵਿੱਚ ਕਈ ਬਦਲਾਅ ਹੋ ਵੀ ਰਹੇ ਹਨ।’
ਭਾਜਪਾ ਦੇ ਸੀਨੀਅਰ ਆਗੂ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੀਵੀ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਦਾ ਸਿਹਰਾ ਦਿੱਤਾ ਪਰ ਬਿਨਾਂ ਕਿਸੇ ਰੋਕ-ਟੋਕ ਹੋ ਰਹੇ ਕੇਂਦਰੀਕਰਨ ਖ਼ਿਲਾਫ਼ ਸਾਵਧਾਨ ਵੀ ਕੀਤਾ। ਉਨ੍ਹਾਂ ਕਿਹਾ, ‘ਸਾਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ।’ ਭਾਰਤ ਦੇ ਆਰਥਿਕ ਢਾਂਚੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਜੀਡੀਪੀ ਵਿੱਚ ਖੇਤਰੀ ਯੋਗਦਾਨ ’ਚ ਅਸੰਤੁਲਨ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, ‘ਨਿਰਮਾਣ ਖੇਤਰ ਇਸ ਵਿੱਚ 22-24 ਫੀਸਦ ਅਤੇ ਸੇਵਾਵਾਂ ਖੇਤਰ 52-54 ਫੀਸਦ ਯੋਗਦਾਨ ਪਾਉਂਦਾ ਹੈ ਪਰ 65-70 ਫੀਸਦ ਪੇਂਡੂ ਆਬਾਦੀ ਖੇਤੀਬਾੜੀ ਖੇਤਰ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਇਹ ਖੇਤਰ ਜੀਡੀਪੀ ਵਿੱਚ ਸਿਰਫ 12 ਫੀਸਦ ਯੋਗਦਾਨ ਪਾਉਂਦਾ ਹੈ।’
ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਗਡਕਰੀ ਨੇ ਕਿਹਾ, ‘ਫ਼ਲਸਫ਼ਾ ਉਸ ਵਿਅਕਤੀ ਨੂੰ ਨਹੀਂ ਸਿਖਾਇਆ ਜਾ ਸਕਦਾ, ਜਿਸ ਦਾ ਪੇਟ ਖਾਲੀ ਹੈ।’ ਦੇਸ਼ ਦੇ ਵਿਕਾਸ ਵਿੱਚ ਚਾਰਟਰਡ ਅਕਾਊਂਟੈਂਟਾਂ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ, ‘ਸੀਏ ਅਰਥਵਿਵਸਥਾ ਦੇ ਵਿਕਾਸ ਇੰਜਣ ਹੋ ਸਕਦੇ ਹਨ। ਸਾਡੀ ਅਰਥਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ। ਇਹ ਸਿਰਫ ਆਮਦਨ ਟੈਕਸ ਰਿਟਰਨ ਭਰਨ ਅਤੇ ਜੀਐਸਟੀ ਜਮ੍ਹਾਂ ਕਰਵਾਉਣ ਬਾਰੇ ਨਹੀਂ ਹੈ।’ -ਪੀਟੀਆਈ