ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਅੱਜ ਅਹੁਦਾ ਸੰਭਾਲ ਲਿਆ। ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਮੌਜੂਦ ਸਨ। ਦੂਜੇ ਪਾਸੇ ਅਕਸ਼ੈ ਸ਼ਰਮਾ ਦੇ ਧੜੇ ਨੇ ਅੱਜ ਸਮਾਰੋਹਾਂ ਮਗਰੋਂ ਕੌਮੀ ਪ੍ਰਧਾਨ ਨਾਲ ਮੁਲਾਕਾਤ ਕਰ ਕੇ ਰੋਸ ਵੀ ਜ਼ਾਹਿਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਉਂਦੀਆਂ ਪੰਚਾਇਤੀ ਚੋਣਾਂ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣਗੀਆਂ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੜਿੰਗ ਨੂੰ ਅਸਿੱਧੇ ਤਰੀਕੇ ਨਾਲ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਮਾਰੋਹਾਂ ਵਿਚ ਸਭਨਾਂ ਨੂੰ ਸੱਦਿਆ ਜਾਣਾ ਚਾਹੀਦਾ ਸੀ। ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ’ਚ ਲੋਕ ਸਭਾ ਚੋਣਾਂ ਵਿਚ 13 ਸੀਟਾਂ ’ਤੇ ਚੋਣ ਲੜੇਗੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੂੰ ਹਰਾਏਗੀ। ਕੌਮੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਜਿਨ੍ਹਾਂ ਕੋਲ ਪਾਰਟੀ ਸਮਾਰੋਹਾਂ ਵਿਚ ਸ਼ਾਮਲ ਹੋਣ ਦਾ ਸਮਾਂ ਨਹੀਂ ਹੈ।