ਫ਼ਰੀਦਕੋਟ ਰੇਂਜ ’ਚੋਂ ਨਸ਼ਿਆਂ ਖ਼ਿਲਾਫ਼ ਲੜਾਈ ’ਚ ਮੋਗਾ ਜ਼ਿਲ੍ਹਾ ਮੋਹਰੀ
ਆਈਜੀ ਨਿਲਾਂਬਰੀ ਜਗਦਲੇ ਨੇ ਸਾਂਝੇ ਕੀਤੇ ਅੰਕੜੇ; ਤਸਕਰਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਫ਼ਰੀਦਕੋਟ ਰੇਂਜ ਦੀ ਇੰਸਪੈਕਟਰ ਜਨਰਲ ਪੁਲੀਸ (IGP) ਨਿਲਾਂਬਰੀ ਜਗਦਲੇ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2025 ਦੌਰਾਨ ਮੋਗਾ ਜ਼ਿਲ੍ਹਾ ਨਸ਼ਾ ਤਸਕਰਾਂ ਵਿਰੁੱਧ ਸਭ ਤੋਂ ਵੱਧ ਐਫ.ਆਈ.ਆਰ. ਦਰਜ ਕਰਕੇ ਰੇਂਜ ਵਿੱਚੋਂ ਅੱਵਲ ਰਿਹਾ ਹੈ।
ਮੋਗਾ ਪੁਲੀਸ ਨੇ ਸੰਗਠਿਤ ਅਪਰਾਧ ਨਾਲ ਜੁੜੇ 260 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਕਮਰਸ਼ੀਅਲ ਮਾਤਰਾ ਦੇ 77 ਕੇਸ ਦਰਜ ਕਰਕੇ 195 ਵੱਡੇ ਤਸਕਰਾਂ ਨੂੰ ਜੇਲ੍ਹ ਭੇਜਿਆ। ਰੇਂਜ ਅਧੀਨ ਆਉਂਦੇ ਤਿੰਨ ਜ਼ਿਲ੍ਹਿਆਂ (ਮੋਗਾ, ਮੁਕਤਸਰ, ਫ਼ਰੀਦਕੋਟ) ਵਿੱਚ ਕੁੱਲ 4144 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ, ਅਫ਼ੀਮ, ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਆਈਜੀ ਨੇ ਦੱਸਿਆ ਕਿ ਪੁਲੀਸ ਨੇ ਨਸ਼ਾ ਤਸਕਰਾਂ ਦੀ ਆਰਥਿਕ ਕਮਰ ਤੋੜਨ ਲਈ ਐਨ.ਡੀ.ਪੀ.ਐਸ. ਐਕਟ ਤਹਿਤ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਹੈ, ਜਿਸ ਤਹਿਤ ਮੋਗਾ ਪੁਲੀਸ ਨੇ 14.70 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਐੱਸ.ਐੱਸ.ਪੀ. ਮੋਗਾ ਅਜੇ ਗਾਂਧੀ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਜਾਇਜ਼ ਕਮਾਈ ਨਾਲ ਬਣਾਏ ਗਏ ਆਲੀਸ਼ਾਨ ਘਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਸੇਫ਼ ਪੰਜਾਬ ਚੈਟਬੋਟ’ (9779100200) ਰਾਹੀਂ ਗੁਪਤ ਰੂਪ ਵਿੱਚ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਂਝੀ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

