ਮੋਦੀ ਸਰਕਾਰ ਨੂੰ ਅਮਰੀਕਾ ਨਾਲ ਸਮਝੌਤੇ ਦੇ ਵੇਰਵੇ ਜਨਤਕ ਕਰਨ ਦੀ ਅਪੀਲ
ਅਰਥਚਾਰੇ ਤੇ ਖੇਤੀ ਨੂੰ ਤਬਾਹ ਕਰੇਗਾ ਅਮਰੀਕਾ ਨਾਲ ਸਮਝੌਤਾ: ਆਰ ਐੱਮ ਪੀ ਆੲੀ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੰਸਦ ਨੂੰ ਭਰੋਸੇ ’ਚ ਲਏ ਬਗੈ਼ਰ ਅਮਰੀਕਾ ਨਾਲ ਕੀਤੇ ਬੇਹੱਦ ਘਾਤਕ ਦੁਵੱਲੇ ਵਪਾਰ ਸਮਝੌਤੇ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕੇਂਦਰੀ ਮੰਤਰੀਆਂ ਅਤੇ ਸੰਘ ਤੇ ਭਾਜਪਾ ਆਗੂਆਂ ਵੱਲੋਂ ਇਸ ਸਬੰਧੀ ਕੀਤੀ ਜਾ ਰਹੀ ਗੁੰਮਰਾਹਕੁਨ ਬਿਆਨਬਾਜ਼ੀ ਦੀ ਵੀ ਨਿਖੇਧੀ ਕੀਤੀ ਹੈ। ਅੱਜ ਇਥੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਅਮਰੀਕੀ ਪ੍ਰਸ਼ਾਸਨ ਦੀਆਂ ਗੈ਼ਰਬਰਾਬਰੀ ਵਾਲੀਆਂ ਸਾਰੀਆਂ ਸ਼ਰਤਾਂ ਮੰਨ ਕੇ ਕੀਤੇ ਇਸ ਗੋਡੇ ਟੇਕੂ ਸਮਝੌਤੇ ਦੇ ਸਾਰੇ ਵੇਰਵੇ ਬਿਨਾਂ ਦੇਰੀ ਜਨਤਕ ਕਰੇ। ਪਾਸਲਾ ਤੇ ਜਾਮਾਰਾਏ ਨੇ ਕਿਹਾ ਹੈ ਕਿ ਸਮਝੌਤੇ ਅਨੁਸਾਰ ਭਾਰਤ ਵੱਲੋਂ ਅਮਰੀਕਾ ਭੇਜੀਆਂ ਜਾਂਦੀਆਂ ਵਸਤਾਂ ’ਤੇ ਹੁਣ 18 ਫ਼ੀਸਦ ਟੈਰਿਫ ਵਸੂਲਿਆ ਜਾਵੇਗਾ, ਜੋ ਕਿ ਪਹਿਲਾਂ 3 ਫ਼ੀਸਦ ਤੋਂ ਵੀ ਘੱਟ ਸੀ। ਇਸ ਦੇ ਉਲਟ ਭਾਰਤ ਆਉਣ ਵਾਲੀਆਂ ਅਮਰੀਕੀ ਵਸਤਾਂ ’ਤੇ ਕੋਈ ਟੈਰਿਫ ਨਹੀਂ ਵਸੂਲਿਆ ਜਾਵੇਗਾ। ਇਸ ਦੇ ਬਾਵਜੂਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸਮਝੌਤੇ ਨੂੰ ਭਾਰਤ ਦੇ ਵਪਾਰਕ ਹਿੱਤਾਂ ਲਈ ਬੇਹੱਦ ਲਾਹੇਵੰਦ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸਮਝੌਤਾ ਭਾਰਤ ’ਤੇ ਇਹ ਪਾਬੰਦੀ ਵੀ ਆਇਦ ਕਰਦਾ ਹੈ ਕਿ ਸਾਡਾ ਦੇਸ਼ ਕਿਸ ਤੋਂ ਤੇਲ ਖਰੀਦੇਗਾ ਤੇ ਕਿਸ ਤੋਂ ਨਹੀਂ? ਇਹ ਮੋਦੀ ਸਰਕਾਰ ਦਾ ਟਰੰਪ ਦੀ ਧੌਂਸ ਅੱਗੇ ਸਿੱਧਾ ਸਮਰਪਣ ਹੈ।
ਇਸ ਤੋਂ ਪਹਿਲਾਂ ਯੂਰਪੀਨ ਯੂਨੀਅਨ ਦੇ ਦੇਸ਼ਾਂ ਨਾਲ ਕੀਤੇ ਸਮਝੌਤਿਆਂ ਰਾਹੀਂ ਵੀ ਭਾਰਤੀ ਮੰਡੀ ਵਿਦੇਸ਼ੀ ਸਰਮਾਏਦਾਰ ਦੇਸ਼ਾਂ ਲਈ ਖੁੱਲ੍ਹੀ ਛੱਡ ਕੇ ਦੇਸ਼ ਦੇ ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਪੁੱਜਣ ਦੇ ਸ਼ੰਕੇ ਖੜ੍ਹੇ ਹੋਏ ਹਨ।

