ਚੰਡੀਗੜ੍ਹ, 11 ਜੁਲਾਈ
ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐੱਫ) ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਂਗਰਸ ਦੇ ਇਸ ਨੇਤਾ ਦੀ ਸੁਰੱਖਿਆ ਲਈ ਕਰੀਬ 25 ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ ਤੇ ਇਹ ਫ਼ੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਧਰ ’ਤੇ ਹੋਇਆ ਦੱਸਿਆ ਗਿਆ ਹੈ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਪੰਜ ਆਗੂਆਂ ਦੀ ਸੁਰੱਖਿਆ ’ਚ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਾਧਾ ਕਰ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਸਮੇਤ ਆਰਐੱਸਐੱਸ ਦੇ ਨੇਤਾਵਾਂ ਨੂੰ ‘ਜ਼ੈੱਡ ਵਰਗ’ ਦੀ ਸੁਰੱਖਿਆ ਦਿੱਤੀ ਗਈ ਹੈ।
ਪੰਜਾਬ ਵਿੱਚ ਸਿਆਸੀ ਨੇਤਾ, ਆਈਏਐੱਸ/ਆਈਪੀਐੱਸ ਅਧਿਕਾਰੀਆਂ ਅਤੇ ਧਾਰਮਿਕ ਆਗੂਆਂ ਦੀ ਸੁਰੱਖਿਆ ’ਤੇ ਕਰੀਬ 10 ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਹੈ। ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਬਾਦਲ ਪਰਿਵਾਰ ਦੇ ਸਾਰੇ ਮੈਂਬਰਾਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ੈੱਡ ਪਲੱਸ ਤੇ ਜ਼ੈੱਡ ਵਰਗ ਦੀ ਸੁਰੱਖਿਆ ਦਿੱਤੀ ਹੋਈ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਈ ਪਰਿਵਾਰਕ ਮੈਂਬਰਾਂ, ਕਾਂਗਰਸ ਨੇਤਾ ਹਰਮਿੰਦਰ ਸਿੰਘ ਜੱਸੀ, ਪਰਮਿੰਦਰ ਪਿੰਕੀ, ਰਵੀਕਰਨ ਸਿੰਘ ਕਾਹਲੋਂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਤਿੰਨ ਸਾਬਕਾ ਡੀਜੀਪੀ ਅਜਿਹੇ ਵਿਅਕਤੀ ਵਿਸ਼ੇਸ਼ ਹਨ, ਜਿਨ੍ਹਾਂ ਨੂੰ ਵਧੇਰੇ ਸੁਰੱਖਿਆ ਦਿੱਤੀ ਹੋਈ ਹੈ। ਦੋ ਤੋਂ ਪੰਜ ਗੰਨਮੈਨਾਂ ਵਾਲਿਆਂ ਦੀ ਗਿਣਤੀ ਤਾਂ ਸੈਂਕੜਿਆਂ ਵਿੱਚ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਨੇਤਾ ਨੂੰ ਦਿੱਤੀ ਸੁਰੱਖਿਆ ਦਾ ਮਾਮਲਾ ਸਿਆਸੀ ਪੱਖ ਤੋਂ ਵੀ ਦੇਖਿਆ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਰ.ਐੱਸ.ਐੱਸ. ਨੇਤਾਵਾਂ ਦੀਆਂ ਗਤੀਵਿਧੀਆਂ ਵੀ ਵਧੀਆਂ ਹੋਈਆਂ ਹਨ। ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਆਰ.ਐੱਸ.ਐੱਸ. ਦੇ ਨੇਤਾ ਕਿਉਂਕਿ ਅਤਿਵਾਦੀਆਂ ਦੀ ਹਿੱਟ-ਲਿਸਟ ’ਤੇ ਰਹਿੰਦੇ ਹਨ, ਜਿਸ ਲਈ ਜਨਸੰਘੀਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਸੂਬਾਈ ਪੁਲੀਸ ਵੱਲੋਂ ਵੀ ਆਰ.ਐੱਸ.ਐੱਸ. ਦੇ ਕਈ ਨੇਤਾਵਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ।
ਗ੍ਰਹਿ ਮੰਤਰਾਲੇ ਦੀ ‘ਦਰਿਆਦਿਲੀ’ ਦੀ ਸਿਆਸੀ ਹਲਕਿਆਂ ’ਚ ਚਰਚਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿਖਾਈ ਦਰਿਆਦਿਲੀ ਸੂਬੇ ਦੇ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੂਜੀ ਵਾਰੀ ਐੱਨ.ਡੀ.ਏ. ਸਰਕਾਰ ਬਣਨ ਤੋਂ ਬਾਅਦ ਸ੍ਰੀ ਬਾਜਵਾ ਸਮੇਤ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਦੀ ਸੁਰੱਖਿਆ ਵਿੱਚ ਜਾਂ ਤਾਂ ਕਟੌਤੀ ਕਰ ਦਿੱਤੀ ਗਈ ਸੀ ਤੇ ਜਾਂ ਫਿਰ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸ੍ਰੀ ਬਾਜਵਾ ਨੂੰ ਕਾਂਗਰਸ ਸਰਕਾਰ ਦੇ ਸਮੇਂ ਮਿਲੀ ਸੁਰੱਖਿਆ ਵੀ ਜੁਲਾਈ 2019 ਵਿੱਚ ਵਾਪਸ ਲੈ ਲਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਸਾਲ ਦੇ ਵਕਫ਼ੇ ਬਾਅਦ ਪੰਜਾਬ ਦੇ ਕਾਂਗਰਸੀ ਨੇਤਾ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ। ਹਾਲਾਂਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸੁਰੱਖਿਆ ਦੇ ਮਾਮਲੇ ਵਿੱਚ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ ਤੇ ਸੁਰੱਖਿਆ ਵਧਾਉਣ, ਵਾਪਸ ਲੈਣ ਜਾਂ ਘੱਟ ਕਰਨ ਬਾਰੇ ਫ਼ੈਸਲੇ ਅਕਸਰ ਲਏ ਜਾਂਦੇ ਹੈ ਤੇ ਇਹ ਫ਼ੈਸਲਾ ਵੀ ਇਸੇ ਦਿਸ਼ਾ ’ਚ ਹੈ।