ਵਿਧਾਇਕਾ ਦਾ ਅਸਤੀਫ਼ਾ: ਕਾਂਗਰਸ ਤੇ ਭਾਜਪਾ ਨੇ ‘ਆਪ’ ਘੇਰੀ
ਵਿਧਾਨ ਸਭਾ ਹਲਕਾ ਖਰੜ ਤੋਂ ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਤੇ ਭਾਜਪਾ ਨੇ ‘ਆਪ’ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਵਿਧਾਇਕ ਦੇ ਅਸਤੀਫ਼ੇ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਕਿਲਾ ਢਹਿਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੋ ਮੌਜੂਦਾ ਵਿਧਾਇਕ ਪਾਰਟੀ ਤੋਂ ਬਾਹਰ ਹਨ ਅਤੇ ਇਸ ਤੋਂ ਬਾਅਦ ਕਈ ਹੋਰ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ‘ਆਪ’ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਵੜਿੰਗ ਨੇ ਕਿਹਾ ਕਿ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੂੰ ਆਪਣੇ ਅਸਤੀਫ਼ੇ ਦੇ ਕਾਰਨਾਂ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਹਾਲਾਂਕਿ ਇਹ ਅਸਲ ਵਿੱਚ ‘ਆਪ’ ਦਾ ਅੰਦਰੂਨੀ ਮਾਮਲਾ ਹੈ, ਪਰ ਜਦੋਂ ਘਰ ਦੇ ਅੰਦਰ ਅੱਗ ਲੱਗਦੀ ਹੈ ਤਾਂ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਨਜ਼ਰ ਆਉਂਦੀਆਂ ਹਨ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਨਾਲ-ਨਾਲ ‘ਆਪ’ ਦੇ ਵਿਧਾਇਕ ਪਾਰਟੀ ’ਤੇ ਭਰੋਸਾ ਨਾ ਕਰਦੇ ਹੋਏ ਅਲਵਿਦਾ ਕਹਿ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ। ਸਾਲ 2027 ਵਿੱਚ ਕਾਂਗਰਸ ਪਾਰਟੀ ਸੂਬੇ ਵਿੱਚ ਸਰਕਾਰ ਬਣਾਵੇਗੀ।
ਅਨਮੋਲ ਗਗਨ ਮਾਨ ਨੇ ਖਰੜ ਦੇ ਲੋਕਾਂ ਨਾਲ ਧੋਖਾ ਕੀਤਾ: ਵਿਨੀਤ ਜੋਸ਼ੀ
ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਜ ਜੋਸ਼ੀ ਨੇ ਕਿਹਾ ਕਿ ਵਿਧਾਨ ਸਭਾ ਖਰੜ ਤੋਂ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਖਰੜ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਖਰੜ ਦੇ ਪਹਿਲੇ ਵਿਧਾਇਕ ਕੰਵਰ ਸੰਧੂ ਚਾਰ ਸਾਲ ਲੋਕਾਂ ਵਿੱਚ ਨਹੀਂ ਆਏ। ਅਨਮੋਲ ਗਗਨ ਮਾਨ ਵੀ ਤਿੰਨ ਸਾਲਾਂ ਤੋਂ ਲੋਕਾਂ ਵਿੱਚ ਨਹੀਂ ਗਈ ਅਤੇ ਹੁਣ ਅਸਤੀਫ਼ਾ ਦੇ ਦਿੱਤਾ ਹੈ। ‘ਆਪ’ ਵੱਲੋਂ ਵਾਰ-ਵਾਰ ਖਰੜ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਖਰੜ ਸ਼ਹਿਰ, ਕੁਰਾਲੀ, ਨਿਊ ਚੰਡੀਗੜ੍ਹ ਤੇ ਹੋਰਨਾਂ ਕਈ ਪਿੰਡਾਂ ਦੇ ਲੋਕ ਵਿਧਾਇਕ ਦਾ ਚਹਿਰਾ ਵੱਖਣ ਨੂੰ ਤਰਸ ਗਏ ਸਨ। ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਨੇ ਦੋ ਵਾਰ ਖਰੜ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਪਰ ਹੁਣ ਖਰੜ ਦੇ ਲੋਕ ‘ਆਪ’ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।