ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਧਾਇਕ ਸੋਹਲ ਦਾ ਸਰਕਾਰੀ ਸਨਮਾਨ ਨਾਲ ਸਸਕਾਰ

ਪਾਰਟੀ ਦੀ ਲੀਡਰਸ਼ਿਪ ਸਣੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ
Advertisement

ਗੁਰਬਖਸ਼ਪੁਰੀ

ਤਰਨ ਤਾਰਨ, 28 ਜੂਨ

Advertisement

ਤਰਨ ਤਾਰਨ ਤੋਂ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਦੇਹ ਦਾ ਅੱਜ ਇੱਥੋਂ ਦੇ ਸੱਚਖੰਡ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਵਿਧਾਇਕ ਸੋਹਲ ਨੇ ਤਿੰਨ ਸਾਲ ਦੇ ਕਰੀਬ ਕੈਂਸਰ ਨਾਲ ਜੂਝਦਿਆਂ ਬੀਤੇ ਦਿਨ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਚਿਖਾ ਨੂੰ ਅਗਨੀ ਡਾ. ਸੋਹਲ ਦੇ ਪੁੱਤਰ ਡਾ. ਨਵਪ੍ਰੀਤ ਸਿੰਘ ਸੋਹਲ ਨੇ ਦਿਖਾਈ। ਸਸਕਾਰ ਮੌਕੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸੂਬਾ ਲੀਡਰਸ਼ਿਪ ਅਤੇ ਇਲਾਕੇ ਦੇ ਵੱਡੀ ਗਿਣਤੀ ਵਰਕਰ ਅਤੇ ਆਗੂ ਸ਼ਾਮਲ ਹੋਏ। ਮ੍ਰਿਤਕ ਆਗੂ ਦੀ ਦੇਹ ਫੁੱਲਾਂ ਨਾਲ ਸਜਾਏ ਵਾਹਨ ਵਿੱਚ ਇਕ ਕਾਫ਼ਲੇ ਦੇ ਰੂਪ ’ਚ ਸ਼ਹਿਰ ਵਿੱਚ ਸਥਿਤ ਰਿਹਾਇਸ਼ ਤੋਂ ਸ਼ਮਸ਼ਾਨਘਾਟ ਤੱਕ ਲਿਜਾਈ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਹਰਭਜਨ ਸਿੰਘ ਈਟੀਓ, ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਸਰਵਣ ਸਿੰਘ ਧੁੰਨ, ਵਿਧਾਇਕ ਜਸਵਿੰਦਰ ਸਿੰਘ ਰਾਮਦਾਸ, ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ, ਵਿਧਾਇਕ ਜੀਵਨਜੋਤ ਕੌਰ, ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਸਣੇ ਹੋਰਨਾਂ ਨੇ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਅਕਾਲੀ ਦਲ, ਭਾਜਪਾ ਤੇ ਖੱਬੀਆਂ ਧਿਰਾਂ ਵਲੋਂ ਕਿਸੇ ਵੀ ਆਗੂ ਨੇ ਹਾਜ਼ਰੀ ਨਹੀਂ ਭਰੀ। ਡਿਪਟੀ ਕਮਿਸ਼ਨਰ ਰਾਹੁਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਹ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਐੱਸਐੱਸਪੀ ਦੀਪਕ ਪਾਰਿਕ ਸਣੇ ਹੋਰ ਅਧਿਕਾਰੀਆਂ ਨੇ ਵੀ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਪੁਲੀਸ ਦੀ ਇਕ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।

Advertisement