ਹਰਜੀਤ ਸਿੰਘ
ਜ਼ੀਰਕਪੁਰ, 17 ਅਗਸਤ
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਜ਼ੀਰਕਪੁਰ ਵਾਸੀ ਇਕ ਔਰਤ ਗੁਰਪ੍ਰੀਤ ਕੌਰ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਉਸ ਨਾਲ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਤੇ ਧਮਕੀਆਂ ਦੇਣ ਦਾ ਦੋਸ਼ ਲਾਉਂਦਿਆਂ ਸਥਾਨਕ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਗੁਰਪ੍ਰੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਲੰਘੇ ਕੁਝ ਸਾਲਾਂ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਸਬੰਧ ਸਨ, ਜਿਸ ਨੇ ਕਥਿਤ ਤੌਰ ’ਤੇ ਝੂਠ ਬੋਲਿਆ ਸੀ ਕਿ ਪਹਿਲੀ ਪਤਨੀ ਨਾਲ ਤਲਾਕ ਹੋਣ ਮਗਰੋਂ ਉਹ ਹੁਣ ਵੱਖ ਰਹਿੰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਧਾਇਕ ਨੇ ਉਸ ਨਾਲ 14 ਅਗਸਤ 2021 ਵਿੱਚ ਲੁਧਿਆਣਾ ਵਿੱਚ ਵਿਆਹ ਕਰਵਾਇਆ ਸੀ। ਉਸ ਨੇ ਥਾਣੇ ਵਿੱਚ ਵਿਆਹ ਵੇਲੇ ਦੀ ਤਸਵੀਰ ਵੀ ਪੇਸ਼ ਕੀਤੀ। ਪੀੜਤਾ ਨੇ ਦੱਸਿਆ ਕਿ ਚੋਣਾਂ ਦੌਰਾਨ ਤਲਾਕ ਨਾ ਹੋਣ ਬਾਰੇ ਪਤਾ ਲੱਗਣ ’ਤੇ ਵਿਧਾਇਕ ਨੇ ਪਹਿਲੀ ਪਤਨੀ ਨੂੰ ਛੱਡ ਕੇ ਉਸ ਨਾਲ ਰਹਿਣ ਦਾ ਭਰੋਸਾ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ। ਚੋਣ ਜਿੱਤਣ ਮਗਰੋਂ ਪਠਾਣਮਾਜਰਾ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਉਸ ਨੂੰ ਧਮਕਾਉਣਾ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਦੋਸ਼ ਲਾਇਆ ਕਿ 15 ਅਗਸਤ ਤੋਂ ਪਹਿਲਾਂ ਵਿਧਾਇਕ ਨੇ ਜ਼ੀਰਕਪੁਰ ਆ ਕੇ ਵੀ ਉਸ ਨੂੰ ਧਮਕਾਇਆ ਸੀ। ਜ਼ੀਰਕਪੁਰ ਦੇ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਔਰਤ ਵੱਲੋਂ ਵਿਧਾਇਕ ਖ਼ਿਲਾਫ਼ ਦਿੱਤੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ।
ਵਿਧਾਇਕ ਨੇ ਵਿਆਹ ਕਰਵਾਉਣ ਦੀ ਗੱਲ ਕਬੂਲੀ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਕਤ ਔਰਤ ਨਾਲ ਵਿਆਹ ਕਰਵਾਉਣ ਦੇ ਦੋਸ਼ਾਂ ਨੂੰ ਮੰਨਦੇ ਹੋਏ ਕਿਹਾ ਕਿ ਉਸ ਨੇ ਕੋਈ ਧਮਕੀ ਨਹੀਂ ਦਿੱਤੀ। ਇਸ ਦੌਰਾਨ ਉਨ੍ਹਾਂ ਸਨੌਰ ਹਲਕੇ ਦੇ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਆਗੂਆਂ ਦੇ ਨਾਮ ਲੈਂਦਿਆਂ ਇਸ ਔਰਤ ਰਾਹੀਂ ਉਸ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਧਮਕੀ ਦਿੱਤੀ ਹੈ ਤਾਂ ਉਹ ਸਬੂਤ ਪੇਸ਼ ਕਰੇ।
ਔਰਤ ਵੱਲੋਂ ਵਿਧਾਇਕ ਦੀ ਅਸ਼ਲੀਲ ਵੀਡੀਓ ਪੇਸ਼
ਸ਼ਿਕਾਇਤਕਰਤਾ ਨੇ ਵਿਧਾਇਕ ਦੀ ਆਨਲਾਈਨ ਚੈਟ ਕਰਨ ਵੇਲੇ ਦੀ ਇੱਕ ਅਸ਼ਲੀਲ ਵੀਡੀਓ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ ਔਰਤ ਨੇ ਦੋਸ਼ ਲਾਇਆ ਕਿ ਵਿਧਾਇਕ ਵੱਲੋਂ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ, ਜਿਸ ਦੇ ਇਕ-ਇਕ ਕਰੋੜ ਰੁਪਏ ਦੀ ਕੀਮਤ ਦੇ ਕਥਿਤ ਤੌਰ ’ਤੇ ਦੋ ਫਲੈਟ ਵੀ ਹਨ। ਇਸ ਤੋਂ ਇਲਾਵਾ ਉਹ ਲੰਘੇ ਦਿਨੀਂ ਜੀਬੀਪੀ ਗਰੁੱਪ ਦੇ ਬਿਲਡਰ ਸਤੀਸ਼ ਗੁਪਤਾ ਨਾਲ ਸੈਟਿੰਗ ਕਰਨ ਦੁਬਈ ਵੀ ਗਏ ਸਨ। ਵਿਧਾਇਕ ਪਠਾਣਮਾਜਰਾ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜੇਕਰ ਕੋਈ ਸਬੂਤ ਹੈ ਤਾਂ ਪੇਸ਼ ਕੀਤਾ ਜਾਵੇ।
ਪਠਾਣਮਾਜਰਾ ਨੂੰ ਪਾਰਟੀ ’ਚੋਂ ਕੱਢਿਆ ਜਾਵੇ: ਚੰਦੂਮਾਜਰਾ
ਪਟਿਆਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਉਹ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਪਣੀ ਪਤਨੀ ਨਾਲ ਧੋਖਾ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਕਾਰਨ ਪਾਰਟੀ ਵਿਚੋਂ ਕੱਢਣ। ਇਸ ਦੌਰਾਨ ਸ੍ਰੀ ਚੰਦੂਮਾਜਰਾ ਨੇ ਮੰਗ ਕੀਤੀ ਕਿ ਪਠਾਣਮਾਜਰਾ ਦੀ ਪਤਨੀ ਵੱਲੋਂ ਜ਼ੀਰਕਪੁਰ ਪੁਲੀਸ ਕੋਲ ਦਿੱਤੀ ਸ਼ਿਕਾਇਤ ਦੇ ਮਾਮਲੇ ਵਿਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।