ਸਰਹਿੰਦ ਨਹਿਰ ਵਿੱਚ ਪਾੜ ਪੈਣ ਲਈ ਵਿਧਾਇਕ ਡਾ. ਚਰਨਜੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ
ਜਦੋਂ ਤੋਂ ਹਲਕਾ ਇੰਚਾਰਜ ਵਜੋਂ ਜਸਵੀਰ ਸਿੰਘ ਗੜ੍ਹੀ ਦੀ ਨਿਯੁਕਤੀ ਹੋਈ ਹੈ, ਉਦੋਂ ਤੋਂ ਲੱਗਦਾ ਹੈ ਜਿਵੇਂ ਅਧਿਕਾਰੀ ਛੁੱਟੀ ’ਤੇ ਚਲੇ ਗਏ ਹੋਣ: ਵਿਧਾਇਕ
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਰਹਿੰਦ ਨਹਿਰ ਵਿੱਚ ਪਏ ਪਾੜ ਲਈ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਹਲਕਾ ਇੰਚਾਰਜ ਵਜੋਂ ਜਸਵੀਰ ਸਿੰਘ ਗੜ੍ਹੀ ਦੀ ਨਿਯੁਕਤੀ ਹੋਈ ਹੈ, ਉਦੋਂ ਤੋਂ ਲੱਗਦਾ ਹੈ ਜਿਵੇਂ ਅਧਿਕਾਰੀ ਛੁੱਟੀ ’ਤੇ ਚਲੇ ਗਏ ਹੋਣ।
ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਮੋਰਿੰਡਾ ਵਿਖੇ ਪਿੰਡਾਂ ਨੂੰ ਵਿਕਾਸ ਗਰਾਂਟਾਂ ਦੇ ਚੈੱਕ ਵੰਡਣ ਲਈ ਬੀ ਡੀ ਪੀ ਓ ਨੂੰ ਬੁਲਾਇਆ ਸੀ, ਪਰ ਬੀ ਡੀ ਪੀ ਓ ਉੱਥੇ ਨਹੀਂ ਪਹੁੰਚੇ। ਇਸ ਕਾਰਨ ਪਿੰਡਾਂ ਦੇ ਸਰਪੰਚਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਹਿੰਦ ਨਹਿਰ ਦੇ ਕੰਢੇ ਵਿੱਚ ਪੈ ਰਹੀ ਖਾਰ ਅਤੇ ਕਮਜ਼ੋਰੀ ਸਬੰਧੀ ਐੱਸ ਡੀ ਐੱਮ ਚਮਕੌਰ ਸਾਹਿਬ ਨੂੰ ਪਹਿਲਾਂ ਹੀ ਜਾਣੂ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬੀਤੇ ਦਿਨ ਨਹਿਰ ਵਿੱਚ ਪਾੜ ਪੈ ਗਿਆ।
ਇੱਕ ਸਵਾਲ ਦੇ ਜਵਾਬ ਵਿੱਚ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰੂਪਨਗਰ ਹੈੱਡਵਰਕਸ ਤੋਂ ਛੱਡਿਆ ਗਿਆ ਹਿਮਾਚਲ ਦੀਆਂ ਸਨਅਤਾਂ ਦਾ ਕਥਿਤ ਜ਼ਹਿਰੀਲਾ ਗੰਦਾ ਪਾਣੀ ਅਤੇ ਕੂੜਾ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਦੇ ਪੁਲ ਹੇਠ ਇਕੱਠਾ ਹੋ ਗਿਆ ਸੀ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਇਸ ਕਾਰਨ ਨਹਿਰ ਦੇ ਕੰਢੇ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਉਨ੍ਹਾਂ ਇਸ ਮਾਮਲੇ ਲਈ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪਾੜ ਪੈਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ।
ਵਿਧਾਇਕ ਨੇ ਨਹਿਰ ਵਿੱਚ ਪਾੜ ਪੈਣ ਦੇ ਕਾਰਨਾਂ ਅਤੇ ਕਥਿਤ ਪ੍ਰਸ਼ਾਸਨਿਕ ਲਾਪਰਵਾਹੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਵਿਧਾਇਕ ਨੇ ਕਿਹਾ ਕਿ ਇਹ ਕਿਸੇ ਨੂੰ ਨਜ਼ਰਅੰਦਾਜ਼ ਕਰਨ ਦਾ ਮਾਮਲਾ ਨਹੀਂ ਹੈ ਪਰ ਨਵੇਂ ਹਲਕਾ ਇੰਚਾਰਜ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।

