ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਪੰਜਾਬ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਜੁਡੀਸ਼ਲ ਕੋਰਟ ਕੰਪਲੈਕਸ ਨਵਾਂ ਸ਼ਹਿਰ ਦੇ ਨਿਰਮਾਣ ਦੌਰਾਨ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਇੱਕ ਕਾਰਜਕਾਰੀ ਇੰਜਨੀਅਰ ਤੇ 3 ਜੂਨੀਅਰ ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਮਾਮਲੇ ’ਚ ਮਿਲੀਆਂ ਸ਼ਿਕਾਇਤਾਂ ਬਾਰੇ ਮੁੱਢਲੀ ਜਾਂਚ ਕਰਨ ਉਪਰੰਤ ਪੀਡਬਲਿਊਡੀ ਦੇ ਕਾਰਜਕਾਰੀ ਇੰਜਨੀਅਰ ਰਾਜਿੰਦਰ ਕੁਮਾਰ ਅਤੇ ਤਿੰਨ ਜੂਨੀਅਰ ਇੰਜਨੀਅਰਾਂ ਰਾਜੀਵ ਕੁਮਾਰ, ਰਾਕੇਸ਼ ਕੁਮਾਰ ਤੇ ਰਾਜਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਅੱਤਲੀ ਦੌਰਾਨ ਇਨ੍ਹਾਂ ਅਧਿਕਾਰੀਆਂ ਦਾ ਹੈੱਡਕੁਆਰਟਰ ਮੁੱਖ ਇੰਜਨੀਅਰ ਦਫ਼ਤਰ ਪਟਿਆਲਾ ਹੋਵੇਗਾ ਤੇ ਇਹ ਅਧਿਕਾਰੀ ਮੁੱਖ ਇੰਜਨੀਅਰ (ਹੈੱਡਕੁਆਰਟਰ) ਦੀ ਪ੍ਰਵਾਨਗੀ ਤੋਂ ਬਿਨਾਂ ਹੈੱਡਕੁਆਰਟਰ ਨਹੀਂ ਛੱਡਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ’ਚ ਦੇਰੀ ਹੋਈ ਸਗੋਂ ਇਸ ਮਾਮਲੇ ਵਿੱਚ ਠੇਕੇਦਾਰਾਂ ਨੂੰ ਵੱਧ ਅਦਾਇਗੀਆਂ ਤੇ ਉਸਾਰੀ ’ਚ ਖਾਮੀਆਂ ਵਰਗੀਆਂ ਹੋਰ ਵੀ ਕਈ ਤਰੁੱਟੀਆਂ ਪਾਈਆਂ ਗਈਆਂ। ਇਸ ਮਾਮਲੇ ’ਚ ਕੁੱਲ ਅੱਠ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।