ਮਹੀਨਾ ਪਹਿਲਾਂ ਮੁਰੰਮਤ ਕੀਤਾ ਲਿੰਕ ਡਰੇਨ ਦਾ ਮਾਈਨਰ ਮੁੜ ਟੁੱਟਿਆ; ਖੇਤਾਂ ਦੀ ਬਜਾਏ ਡਰੇਨ 'ਚ ਜਾ ਰਿਹਾ ਪਾਣੀ
ਧਕਮਕੋਟ ਦੇ ਪਿੰਡ ਭੋਇਪੁਰ ਦੇ ਖੇਤਾਂ ਨੂੰ ਨਹਿਰੀ ਪਾਣੀ ਮੁੱਹਈਆ ਕਰਵਾਉਣ ਲਈ ਸਿੰਚਾਈ ਵਿਭਾਗ ਵੱਲੋਂ ਬਣਾਇਆ ਮਾਈਨਰ ਲੰਘੀ ਰਾਤ ਟੁੱਟ ਗਿਆ। ਮਾਈਨਰ ਨੂੰ ਇੱਕ ਮਹੀਨਾ ਪਹਿਲਾਂ ਹੀ ਰਿਪੇਅਰ ਕੀਤਾ ਗਿਆ ਸੀ। ਝੋਨੇ ਦੇ ਬੀਜਾਈ ਲਈ ਦੋ ਦਿਨ ਪਹਿਲਾਂ ਹੀ ਇਸ...
ਧਕਮਕੋਟ ਦੇ ਪਿੰਡ ਭੋਇਪੁਰ ਦੇ ਖੇਤਾਂ ਨੂੰ ਨਹਿਰੀ ਪਾਣੀ ਮੁੱਹਈਆ ਕਰਵਾਉਣ ਲਈ ਸਿੰਚਾਈ ਵਿਭਾਗ ਵੱਲੋਂ ਬਣਾਇਆ ਮਾਈਨਰ ਲੰਘੀ ਰਾਤ ਟੁੱਟ ਗਿਆ। ਮਾਈਨਰ ਨੂੰ ਇੱਕ ਮਹੀਨਾ ਪਹਿਲਾਂ ਹੀ ਰਿਪੇਅਰ ਕੀਤਾ ਗਿਆ ਸੀ। ਝੋਨੇ ਦੇ ਬੀਜਾਈ ਲਈ ਦੋ ਦਿਨ ਪਹਿਲਾਂ ਹੀ ਇਸ ਵਿੱਚ ਪਾਣੀ ਛੱਡਿਆ ਗਿਆ ਸੀ। ਮਾਈਨਰ ਦੂਸਰੀ ਵਾਰ ਟੁੱਟ ਚੁੱਕਾ ਹੈ। ਮਿਲੀ ਜਾਣਕਾਰੀ ਮੁਤਾਬਕ ਬਾਬਾ ਗੇਂਦੀ ਰਾਮ ਪਾਸ ਸ਼ਿਕਾਰ ਨਹਿਰ ਵਿੱਚੋਂ ਕੱਢਿਆ ਗਿਆ ਉਕਤ ਮਾਈਨਰ ਸੈਦ ਜਲਾਲ ਪੁਰ ਪਿੰਡ ਤੱਕ ਜਾਂਦਾ ਹੈ। ਇਹ ਮਾਈਨਰ ਹਜ਼ਾਰ ਏਕੜ ਦੇ ਕਰੀਬ ਵਾਹੀਯੋਗ ਰਕਬੇ ਨੂੰ ਨਹਿਰੀ ਪਾਣੀ ਮੁੱਹਈਆ ਕਰਵਾਉਣ ਲਈ ਬਣਾਇਆ ਗਿਆ ਹੈ।
ਪਿੰਡ ਭੋਇਪੁਰ ਨੇੜੇ ਇਹ ਮਾਈਨਰ ਤਿਹਾੜਾ ਲਿੰਕ ਡਰੇਨ ਦੇ ਉਪਰ ਦੀ ਲੰਘਦਾ ਹੈ ਜਿੱਥੇ ਮਾਈਨਰ ਨੂੰ ਦੋ ਜੋੜ ਲਗਾਏ ਹੋਏ ਹਨ। ਇਨ੍ਹਾਂ ਜੋੜਾਂ ਤੋਂ ਹੀ ਮਾਈਨਰ ਟੁੱਟ ਗਿਆ ਹੈ। ਪਿੰਡ ਦੇ ਕਿਸਾਨਾਂ ਕਰਮਜੀਤ ਸਿੰਘ ਅਤੇ ਹਰਮੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸਿਖਰ ਉੱਤੇ ਚੱਲ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਸਹੂਲਤ ਦਾ ਇੱਥੇ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਖੇਤਾਂ ਵਿੱਚ ਜਾਣ ਦੀ ਬਜਾਏ ਹੇਠਾਂ ਡਰੇਨ ਵਿਚ ਨਕਾਰਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਮਾਈਨਰ ਬਣਾਉਣ ਵਾਲੇ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

