
ਹਰੀਕੇ (ਪੰਜਾਬ), 27 ਨਵੰਬਰ
ਪੰਜਾਬ ਦੇ ਹਰੀਕੇ ਜਲਗਾਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਹੁਣ ਤੱਕ 40,000 ਦੇ ਕਰੀਬ ਪਰਵਾਸੀ ਪੰਛੀ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਲਗਾਹ ਵਿੱਚ ਪਹੁੰਚ ਚੁੱਕੇ ਹਨ। ਸਾਇਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ 90 ਤੋਂ ਵੱਧ ਪ੍ਰਜਾਤੀਆਂ ਦੇ 90,000 ਤੋਂ ਵੱਧ ਪਰਵਾਸੀ ਪੰਛੀ ਹਰ ਸਾਲ ਸਰਦੀਆਂ ਵਿੱਚ ਆਪਣੇ ਜੱਦੀ ਸਥਾਨਾਂ ਵਿੱਚ ਪਾਣੀ ਦੇ ਭੰਡਾਰ ਜੰਮ ਜਾਣ ਤੋਂ ਬਾਅਦ ਹਰੀਕੇ ਪਹੁੰਚਦੇ ਹਨ। ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 86 ਵਰਗ ਕਿਲੋਮੀਟਰ ਵਿੱਚ ਫੈਲਿਆ ਹਰੀਕੇ ਜਲਗਾਹ ਸਰਦੀਆਂ ਦੇ ਮੌਸਮ ਵਿੱਚ ਪਰਵਾਸੀ ਜਲ ਪੰਛੀਆਂ ਦੀਆਂ ਦੁਰਲੱਭ ਕਿਸਮਾਂ ਦਾ ਘਰ ਬਣ ਜਾਂਦਾ ਹੈ। ਇਹ ਜਲਗਾਹ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ 'ਤੇ ਸਥਿਤ ਹੈ। ਪੰਜਾਬ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਨੁਸਾਰ ਹਰੀਕੇ ਵੈਟਲੈਂਡ, ਜਿਸ ਨੂੰ 'ਹਰੀ ਕੇ ਪੱਤਣ' ਵੀ ਕਿਹਾ ਜਾਂਦਾ ਹੈ, 'ਤੇ ਹੁਣ ਤੱਕ 40,000 ਦੇ ਕਰੀਬ ਪਰਵਾਸੀ ਪੰਛੀ ਆ ਚੁੱਕੇ ਹਨ। ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ