ਪਰਵਾਸੀ ਮਜ਼ਦੂਰ ਨੇ ਚਾਕੂ ਮਾਰ ਕੇ ਪਤਨੀ ਦਾ ਕਤਲ ਕੀਤਾ
ਘਰੇਲੂ ਝਗੜਾ ਬਣਿਆ ਵਿਵਾਦ ਦਾ ਕਾਰਨ, ਪੁਲੀਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਪ੍ਰਾਪਤ ਜਾਣਕਾਰੀ ਅਨੁਸਾਰ, ਲਕਸ਼ਮੀ ਨਾਰਾਇਣ ਆਪਣੀ ਪਤਨੀ ਜੋਤੀ (27) ਨਾਲ ਦਗਨ ਸਥਿਤ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰਦਾ ਸੀ। ਬੀਤੀ ਰਾਤ ਕਰੀਬ 2 ਵਜੇ ਦੋਵਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵਧ ਗਈ ਕਿ ਗੁੱਸੇ ਵਿੱਚ ਆਏ ਲਕਸ਼ਮੀ ਨਾਰਾਇਣ ਨੇ ਆਪਣੀ ਪਤਨੀ ਦੇ ਪੇਟ ਵਿੱਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਤਰਾਂ ਅਨੁਸਾਰ, ਘਟਨਾ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਬਿਸਤਰੇ ਹੇਠਾਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਲ ਪਿਆ ਪੱਖਾ ਡਿੱਗ ਗਿਆ, ਜਿਸ ਕਾਰਨ ਰੌਲਾ ਪੈ ਗਿਆ। ਆਵਾਜ਼ ਸੁਣ ਕੇ ਨੇੜਲੇ ਮਜ਼ਦੂਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਹਾਜੀਪੁਰ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਹਾਜੀਪੁਰ ਪੁਲੀਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਕਸ਼ਮੀ ਨਾਰਾਇਣ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

