ਗੁਰਦੀਪ ਸਿੰਘ ਲਾਲੀ
ਇਥੇ ਮਹਿਲਾਂ ਰੋਡ ਸਥਿਤ ਪਰਵਾਸੀ ਮਜ਼ਦੂਰ ਦਾ ਕਤਲ ਨੂੰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਜੈ ਕੁਮਾਰ ਵਜੋਂ ਹੋਈ ਹੈ। ਥਾਣਾ ਸਿਟੀ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਥੇ ਰੰਗ ਰੋਗਨ ਕਰਦਾ ਸੀ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੀਮਾ ਦੇਵੀ ਵਾਸੀ ਉੱਤਰ ਪ੍ਰਦੇਸ਼ ਹਾਲ ਆਬਾਦ ਸੰਗਰੂਰ ਵੱਲੋਂ ਪੁਲੀਸ ਕੋਲ ਕੀਤੀ ਸ਼ਿਕਾਇਤ ਅਨੁਸਾਰ ਅੱਜ ਦੁਪਹਿਰ ਕਰੀਬ 12 ਵਜੇ ਜਦੋਂ ਉਹ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਰਤ ਰਹੀ ਸੀ ਤਾਂ ਗਲੀ ਵਿੱਚ ਉਸ ਦਾ ਭਾਣਜਾ ਸ਼ੁਭਮ ਕੁਮਾਰ ਮਿਲਿਆ, ਜਿਸ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਨੇੜੇ ਖਾਲੀ ਪਲਾਟ ਵਿੱਚ ਨੌਜਵਾਨ ਉਸ ਦੇ ਮਾਮੇ ਅਜੈ ਕੁਮਾਰ ਦੀ ਕੁੱਟਮਾਰ ਕਰ ਰਿਹਾ ਹੈ, ਜਦੋਂ ਉਹ ਗਲੀ ਵਿੱਚ ਪੁੱਜੇ ਤਾਂ ਇਕ ਲੜਕੇ ਨੇ ਹੱਥ ਵਿੱਚ ਇੱਟ ਫੜੀ ਹੋਈ ਸੀ, ਜਿਸ ਨਾਲ ਉਸ ਦੇ ਪਤੀ ਅਜੈ ਕੁਮਾਰ ਦੇ ਸਿਰ ਵਿੱਚ ਵਾਰ ਕੀਤੇ ਅਤੇ ਉਹ ਹੇਠਾਂ ਡਿੱਗ ਪਿਆ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਅਜੈ ਕੁਮਾਰ ਦੇ ਸਿਰ ਵਿਚੋਂ ਖੂਨ ਵਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਇੰਚਾਰਜ ਅਨੁਸਾਰ ਮੁਲਜ਼ਮ ਕਰਨਵੀਰ ਸਿੰਘ ਉਰਫ਼ ਵਿੱਕੀ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

