DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੰਗਾਂ ਬਾਰੇ ਸਹਿਮਤੀ ਬਣਨ ਮਗਰੋਂ ਮਗਨਰੇਗਾ ਮੁਲਾਜ਼ਮ ਕੰਮ ’ਤੇ ਪਰਤੇ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਤੋਂ ਬਾਅਦ ਲਿਖਤੀ ਪੱਤਰ ਜਾਰੀ

  • fb
  • twitter
  • whatsapp
  • whatsapp
Advertisement

ਮਗਨਰੇਗਾ ਮੁਲਾਜ਼ਮਾਂ ਵੱਲੋਂ 29 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਕਾਸ ਭਵਨ ਦਾ ਘਿਰਾਓ ਕਰਨ ਮਗਰੋਂ ਦੇਰ ਸ਼ਾਮ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਵਿੱਚ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਮੀਟਿੰਗ ਵਿੱਚ ਮੰਗਾਂ ਸਬੰਧੀ ਸਹਿਮਤੀ ਬਣਨ ਮਗਰੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਸਬੰਧੀ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਮਗਰੋਂ ਮਗਨਰੇਗਾ ਮੁਲਾਜ਼ਮ ਅੱਜ ਆਪਣੇ ਕੰਮ ’ਤੇ ਪਰਤ ਆਏ ਹਨ।

ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸੇਵਕ ਸਿੰਘ ਝੰਡੂਕੇ ਵੱਲੋਂ ਵੀਡੀਓ ਕਲਿਪ ਪਾ ਕੇ ਸਾਰੇ ਕਰਮਚਾਰੀਆਂ ਨੂੰ ਆਪਣੇ ਕੰਮ ਉੱਤੇ ਪਰਤਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕਰਮਚਾਰੀਆਂ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ ਕਰਨ ਦੀ ਪ੍ਰਮੁੱਖ ਮੰਗ ਸਬੰਧੀ ਸਮੁੱਚਾ ਕੇਸ ਪੰਜ ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਤੈਅ ਮੀਟਿੰਗ ਵਿੱਚ ਰੱਖਿਆ ਜਾਵੇਗਾ।

Advertisement

ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਜਿਨ੍ਹਾਂ ਮੰਗਾਂ ਨੂੰ ਮੰਨਣ ਦਾ ਜ਼ਿਕਰ ਹੈ, ਉਨ੍ਹਾਂ ਵਿੱਚ ਵੀ ਬੀ ਜੀ ਰਾਮ ਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੇਸ ਸਮਰੱਥ ਅਥਾਰਿਟੀ ਕੋਲ ਭੇਜਿਆ ਜਾਵੇਗਾ। ਮੁਲਾਜ਼ਮਾਂ ਦੀ ਨੌਕਰੀ ਦੇ ਕੰਟਰੈਕਟ ਦੀ ਮਿਆਦ ਇੱਕ ਸਾਲ ਦੀ ਥਾਂ 10 ਸਾਲ ਜਾਂ ਜਦੋਂ ਤੱਕ ਸਕੀਮ ਚੱਲੇਗੀ, ਉਦੋਂ ਤੱਕ ਹੋਵੇਗੀ। ਇਸੇ ਤਰ੍ਹਾਂ ਹੜਤਾਲ ਦੌਰਾਨ ਜਾਰੀ ਕੀਤੀ ਗਈ ਨੋ ਵਰਕ, ਨੋ ਪੇਅ ਦੀ ਚਿੱਠੀ ਨੂੰ ਇਸ ਸ਼ਰਤ ਉੱਤੇ ਰੱਦ ਕੀਤਾ ਜਾਵੇਗਾ ਕਿ ਮਗਨਰੇਗਾ ਕਾਮੇ ਹੜਤਾਲ ਦੌਰਾਨ ਪੈਂਡਿੰਗ ਪਿਆ ਸਾਰਾ ਕੰਮ ਪੂਰਾ ਕਰਨਗੇ।

Advertisement

ਇਸੇ ਤਰ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਪਾਲਿਸੀ ਅਧੀਨ ਹੀ ਕੰਟਰੈਕਟ ’ਤੇ ਕਰਨ ਸਬੰਧੀ ਵਿਚਾਰਿਆ ਜਾਵੇਗਾ। ਮਗਨਰੇਗਾ ਮੁਲਾਜ਼ਮਾਂ ਵਿੱਚੋਂ 35 ਹਜ਼ਾਰ ਤੋਂ ਵੱਧ ਤਨਖਾਹਾਂ ਲੈਣ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਦਸ ਫ਼ੀਸਦੀ ਅਤੇ 35 ਹਜ਼ਾਰ ਤੋਂ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 15 ਫ਼ੀਸਦੀ ਵਾਧਾ ਕੀਤਾ ਜਾਵੇਗਾ। ਮੋਬਾਈਲ ਭੱਤਾ 250 ਰੁਪਏ ਤੋਂ ਵਧਾ ਕੇ 500 ਰੁਪਏ ਮਹੀਨਾ ਹੋਵੇਗਾ ਅਤੇ ਕੰਮ ਦੀ ਪ੍ਰਗਤੀ ਦੇ ਆਧਾਰ ’ਤੇ ਇਨਸੈਂਟਿਵ ਵੀ ਦਿੱਤਾ ਜਾਵੇਗਾ। ਤਨਖਾਹ ਮਿਲਣ ਲਈ ਆਉਂਦੀਆਂ ਦਿੱਕਤਾਂ ਦੂਰ ਹੋਣਗੀਆਂ ਅਤੇ ਅੱਠ ਮਹੀਨੇ ਦੀਆਂ ਰੁਕੀਆਂ ਤਨਖਾਹਾਂ ਜਲਦੀ ਜਾਰੀ ਹੋਣਗੀਆਂ।

ਜੇ ਡੀ ਸੀ ਵੱਲੋਂ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਲਾਭ ਉਨ੍ਹਾਂ ਮਗਨਰੇਗਾ ਮੁਲਾਜ਼ਮਾਂ ਨੂੰ ਹੀ ਦਿੱਤੇ ਜਾਣਗੇ ਜਿਹੜੇ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਵਿੱਚ 30 ਜੁਲਾਈ ਨੂੰ ਆਪਣੀ ਜੁਆਇਨਿੰਗ ਕਰ ਲੈਣਗੇ। ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀਡੀਓ ਕਲਿਪ ਪਾ ਕੇ ਹੜਤਾਲੀ ਮਗਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਅਤੇ ਹੜਤਾਲ ਵਾਪਸ ਹੋਣ ’ਤੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੋਵੇਗਾ।

ਪ੍ਰਮੁੱਖ ਆਗੂਆਂ ਨੇ ਸਮਝੌਤੇ ਨਾਲ ਅਸਹਿਮਤੀ ਪ੍ਰਗਟਾਈ

ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸਰਪ੍ਰਸਤ ਵਰਿੰਦਰ ਸਿੰਘ ਬਠਿੰਡਾ, ਅਮਰੀਕ ਸਿੰਘ ਮਹਿਰਾਜ, ਰਣਧੀਰ ਸਿੰਘ ਧੀਮਾਨ, ਸੰਜੀਵ ਕੁਮਾਰ ਕਾਕੜਾ ਅਤੇ ਕਈ ਹੋਰਨਾਂ ਨੇ ਵੱਖਰੀ ਵੀਡੀਓ ਕਲਿਪ ਪਾ ਕੇ ਯੂਨੀਅਨ ਦੇ ਆਗੂਆਂ ਅਤੇ ਵਿੱਤ ਮੰਤਰੀ ਦਰਮਿਆਨ ਹੋਏ ਸਮਝੌਤੇ ਉੱਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਾਰੇ ਮਗਨਰੇਗਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡਿਊਟੀਆਂ ’ਤੇ ਜ਼ਰੂਰ ਪਰਤ ਆਉਣ ਪਰ ਆਪਣਾ ਸੰਘਰਸ਼ ਡਿਊਟੀਆਂ ਦੌਰਾਨ ਵੀ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਵੀ ਪ੍ਰਮੁੱਖ ਮੰਗ ਨਹੀਂ ਮੰਨੀ, ਇਸ ਲਈ ਸਾਡਾ ਸੰਘਰਸ਼ ਡਿਊਟੀਆਂ ਉੱਤੇ ਆਉਣ ਦੇ ਬਾਵਜੂਦ ਜਾਰੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਪੱਧਰ ਦੀ ਮੀਟਿੰਗ ਬੁਲਾ ਕੇ ਅਗਲੇ ਫ਼ੈਸਲੇ ਲਏ ਜਾਣਗੇ।

Advertisement
×