
ਚੰਡੀਗੜ੍ਹ ਵਿਚ ਐਤਵਾਰ ਨੂੰ ਗਰਮੀ ਤੋਂ ਬਚਣ ਲਈ ਦੋ ਮੋਟਰਸਾਈਕਲ ਸਵਾਰ ਨੌਜਵਾਨ ਸਿਰ-ਮੂੰਹ ਢਕ ਕੇ ਜਾਂਦੇ ਹੋਏ। -ਫੋਟੋ: ਪਰਦੀਪ ਤਿਵਾੜੀ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਪਰੈਲ
ਪੰਜਾਬ ਵਿੱਚ ਦੋ-ਤਿੰਨ ਦਿਨ ਪਾਰਾ ਡਿੱਗਣ ਤੋਂ ਬਾਅਦ ਮੁੜ ਵਧਣ ਲੱਗਾ ਹੈ। ਦੁਪਹਿਰ ਵੇਲੇ ਤਾਪਮਾਨ 42 ਡਿਗਰੀ ਤੋਂ ਉਪਰ ਜਾਣ ਕਾਰਨ ਗਰਮੀ ਨੇ ਜ਼ਿੰਦਗੀ ਨੂੰ ਬਰੇਕ ਲਾ ਦਿੱਤੀ ਹੈ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਅੱਜ ਮਾਨਸਾ ਦੇ ਬਾਜ਼ਾਰ ਵਿੱਚ ਦੁਪਹਿਰ ਵੇਲੇ ਸੁੰਨ ਪੱਸਰੀ ਰਹੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਪੰਜਾਬ ਵਿੱਚ ਲੂ ਚੱਲਣ ਅਤੇ ਗਰਮੀ ਵਧਣ ਦੀ ਚਿਤਾਵਨੀ ਦਿੱਤੀ ਹੈ। ਗਰਮੀ ਦਾ ਅਸਰ ਲੋਕਾਂ ਦੇ ਕੰਮਾਂ-ਕਾਰਾਂ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ ਗਾਇਬ ਹੋਣ ਲੱਗੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਅਨੁਸਾਰ ਲੂ ਚੱਲਣ ਕਾਰਨ ਸੀਜ਼ਨ ਵਿੱਚ ਪਹਿਲੀ ਵਾਰ ਦਿਨ ਦਾ ਪਾਰਾ 42 ਡਿਗਰੀ ਸੈਲਸੀਅਸ ਨੂੰ ਛੂਹ ਚੁੱਕਿਆ ਹੈ। ਆਗਾਮੀ 2-3 ਦਿਨਾਂ ਦੌਰਾਨ ਪਾਰਾ ਹੋਰ ਵੀ ਚੜ੍ਹ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸਮੇਤ ਬਰਨਾਲਾ, ਸੰਗਰੂਰ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਅਗਲੇ 3 ਦਿਨ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ ਤੇ ਜਲੰਧਰ ਭਲਕ ਤੱਕ ਗਰਮੀ ਦੀ ਲਹਿਰ ਲਗਾਤਾਰ ਚੱਲੇਗੀ।
ਅਚਾਨਕ ਮੁੜ ਪਾਰਾ ਚੜ੍ਹਨ ਕਰਨ ਵਧੀ ਗਰਮੀ ਕਾਰਨ ਬੱਸਾਂ ਵਿੱਚ ਦੁਪਿਹਰ ਵੇਲੇ ਮੁਸਾਫਰਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਅਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਗਰਮੀ ਨੇ ਬੇਹਾਲ ਕੀਤਾ ਹੋਇਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ