DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Maur Farmers Protest: ਮੌੜ ਵਿੱਚ ਨੋਇਡਾ ਦੀ ਕੰਪਨੀ ਵੱਲੋਂ ਜ਼ਮੀਨੀ ਸਰਵੇ ਕਰਨ ਦਾ ਵਿਰੋਧ

Maur Land Survey: ਕਿਸਾਨਾਂ ਨੇ ਨਿੱਜੀ ਕੰਪਨੀ ਦੀ ਟੀਮ ਘੇਰੀ; ਪ੍ਰਸ਼ਾਸਨ ਨੇ ਕਿਸਾਨਾਂ ਨੂੰ ਦੋ ਦਿਨਾਂ ਤੱਕ ਮੀਟਿੰਗ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

Maur Farmers Protest: ਮੌੜ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਉੱਤਰ ਪ੍ਰਦੇਸ਼ ਦੀ ਇੱਕ ਨੋਇਡਾ ਦੀ ਨਿੱਜੀ ਕੰਪਨੀ ਵੱਲੋਂ ਚੁੱਪ-ਚਪੀਤੇ ਕਰਵਾਏ ਜਾ ਰਹੇ ਜ਼ਮੀਨੀ ਸਰਵੇ ਨੇ ਇਲਾਕੇ ਦੇ ਕਿਸਾਨਾਂ ਵਿੱਚ ਰੋਸ ਪੈਦਾ ਕਰ ਦਿੱਤਾ। ਬੀਤੀ ਦਿਨ ਦੁਪਹਿਰ ਨੂੰ ਖੇਤਾਂ ਵਿੱਚ ਉੱਡ ਰਹੇ ਡਰੋਨ ਨੂੰ ਦੇਖ ਕੇ ਜਦੋਂ ਲੋਕ ਇਕੱਠੇ ਹੋਏ ਅਤੇ ਕੰਪਨੀ ਦੀ ਟੀਮ ਨੂੰ ਘੇਰਿਆ, ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਕਿਸਾਨਾਂ ਨੇ ਸਰਵੇ ਦਾ ਮਕਸਦ ਸਪੱਸ਼ਟ ਕਰਨ ਦੀ ਮੰਗ ਕੀਤੀ।

ਇਸ ਮੌਕੇ ਸੂਚਨਾ ਮਿਲਦਿਆਂ ਹੀ ਤਹਿਸੀਲਦਾਰ ਅਤੇ ਐੱਸ ਡੀ ਐੱਮ ਮੌੜ ਮੌਕੇ ’ਤੇ ਪੁੱਜ ਗਏ। ਉਨ੍ਹਾਂ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਵੀਰਵਾਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਪਿੰਡ ਦੇ ਗੁਰੂ-ਘਰ ਵਿੱਚ ਪੰਚਾਇਤਾਂ ਦੀ ਹਾਜ਼ਰੀ ਵਿੱਚ ਟੀਮ ਦਾ ਲੈਪਟਾਪ ਖੁੱਲ੍ਹਵਾ ਕੇ ਮੌੜ ਜ਼ੋਨ ਨਾਲ ਸਬੰਧਤ ਮੈਪ ਅਤੇ ਸਰਵੇ ਦੀ ਜਾਣਕਾਰੀ ਵੇਖੀ, ਜਿਸ ਤੋਂ ਬਾਅਦ ਉਨ੍ਹਾਂ ਦੇ ਹੋਸ਼ ਉੱਡ ਗਏ।

Advertisement

ਸਮਾਜ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਮੌਕੇ ’ਤੇ ਪਹੁੰਚ ਕੇ ਦੋਸ਼ ਲਾਇਆ ਕਿ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸੌਂਪੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਪ੍ਰਾਪਤ ਨਕਸ਼ੇ ਮੁਤਾਬਕ ਘਸੋਖਾਨਾ, ਕੋਟਫੱਤਾ, ਕੋਟਭਾਰਾ, ਰਾਮਗੜ੍ਹ ਭੂੰਦੜ, ਭਾਈ ਬਖਤੌਰ, ਮੌੜ ਮੰਡੀ, ਮੌੜ ਕਲਾਂ, ਚਾਉਕੇ, ਬੱਲੋ, ਤੁੰਗਵਾਲੀ ਅਤੇ ਮਾਈਸਰਖਾਨਾ ਸਮੇਤ ਦਰਜਨਾਂ ਪਿੰਡਾਂ ਦਾ ਇਲਾਕਾ ਇਸ ਸਰਵੇ ਹੇਠ ਸ਼ਾਮਲ ਹੈ।

Advertisement

ਪੁੱਡਾ ਦੇ ਡਿਸਟ੍ਰਿਕਟ ਟਾਊਨ ਪਲੈਨਰ ਅਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਵਧ ਰਹੀ ਵਸੋਂ ਅਤੇ ਭਵਿੱਖ ਦੀਆਂ ਲੋੜਾਂ ਦੇ ਮੱਦੇਨਜ਼ਰ ਟਾਊਨ ਪਲੈਨਿੰਗ ਲਈ ਅਜਿਹੇ ਸਰਵੇ ਕਰਵਾਏ ਜਾਂਦੇ ਹਨ। ਉਨ੍ਹਾਂ ਮੰਨਿਆ ਕਿ ਸਰਵੇ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਸੀ ਅਤੇ ਅਜਿਹਾ ਨਾ ਕਰਨਾ ਵਿਭਾਗ ਦੀ ਗ਼ਲਤੀ ਹੈ।

ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਇਹ ਸਰਵੇ ਲੈਂਡ ਪੂਲਿੰਗ ਨੀਤੀ ਦਾ ਹੀ ਹਿੱਸਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬਾਹਰ ਕਰਨ ਵਾਲੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਲਾਲਬਾਈ ਵਿਵਾਦ: ਕਿਸਾਨਾਂ ਵੱਲੋਂ ਥਾਣੇ ਅੱਗੇ ਧਰਨਾ

ਲੰਬੀ (ਇਕਬਾਲ ਸਿੰਘ ਸ਼ਾਂਤ): ਪਿੰਡ ਲਾਲਬਾਈ ਵਿੱਚ ਹੈਲਥ ਵੈੱਲਨੈੱਸ ਸੈਂਟਰ ਦੀ ਜਗ੍ਹਾ ਅਤੇ ਕਿਸਾਨ ਆਗੂ ਨਾਲ ਹੋਈ ਧੱਕਾ-ਮੁੱਕੀ ਦਾ ਮਾਮਲਾ ਗਰਮਾ ਗਿਆ ਹੈ। ਪੰਚਾਇਤੀ ਮਤਿਆਂ ਨੂੰ ਨਜ਼ਰਅੰਦਾਜ਼ ਕਰ ਕੇ ਖੇਤੀ ਮੰਤਰੀ ਵੱਲੋਂ ਨੀਂਹ ਪੱਥਰ ਰੱਖਣ ਅਤੇ ਕਿਸਾਨ ਆਗੂ ਹਰਭਗਵਾਨ ਸਿੰਘ ਦੀ ਪੱਗ ਲਾਹੁਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਲੰਬੀ ਥਾਣੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਸਰਪੰਚ ਪਿਆਰਾ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨਾਲ ਹੋਈ ਸਹਿਮਤੀ ਤਹਿਤ ਬਦਲਵੇਂ ਮਤੇ ਪਾਏ ਗਏ ਸਨ ਪਰ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਵਿਵਾਦਤ ਜਗ੍ਹਾ ’ਤੇ ਹੀ ਨੀਂਹ ਰੱਖ ਦਿੱਤੀ ਹੈ ਅਤੇ ਬਿਨਾਂ ਮਨਜ਼ੂਰੀ ਦਰੱਖਤ ਪੁੱਟੇ ਜਾ ਰਹੇ ਹਨ। ਲਾਲਬਾਈ (ਉੱਤਰੀ) ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਵਿਵਾਦ ਸਿਰਫ਼ ਜਗ੍ਹਾ ਨੂੰ ਲੈ ਕੇ ਹੈ। ਉਨ੍ਹਾਂ ਭਾਈਚਾਰਕ ਸਹਿਮਤੀ ਨਾਲ ਕਿਸੇ ਵੀ ਜਗ੍ਹਾ ’ਤੇ ਹੈਲਥ ਸੈਂਟਰ ਬਣਾਉਣ ਦੀ ਅਪੀਲ ਕੀਤੀ। ਥਾਣਾ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਪੱਗ ਲਾਹੁਣ ਅਤੇ ਹੱਥੋ-ਪਾਈ ਦੀ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
×