ਗੁਰਦੁਆਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ
ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਗੁਰੂ ਕੇ ਮਹਿਲ ਭੌਰਾ ਸਾਹਿਬ ਤੋਂ ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਛਤਰ ਛਾਇਆ ਹੇਠ ਸ਼ੁਰੂ ਹੋਇਆ।
ਸ਼੍ੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਨਗਰ ਕੀਰਤਨ ਵਿੱਚ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕੀਤਾ ਗਿਆ। ਨਗਰ ਕੀਰਤਨ ਵਿੱਚ ਸਿੱਖ ਪੰਥ ਦੀਆਂ ਵੱਖ ਵੱਖ ਸੰਪਰਦਾਵਾਂ, ਜਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਤੇ ਸ਼੍ੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸੰਗਤਾਂ ਨੂੰ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਲੀਦਾਨ ਤੇ ਤਿਆਗ ਤੋਂ ਸਮੁੱਚੀ ਮਾਨਵਤਾ ਨੂੰ ਸੇਧ ਲੈਣੀ ਚਾਹੀਦੀ ਹੈ। ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੀ ਸੰਗਤ ਗੁਰੂ ਸਾਹਿਬ ਦੇ ਉਪਦੇਸ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਲੈ ਕੇ ਜਾਵੇ। ਉਨ੍ਹਾਂ ਸੰਗਤਾਂ ਨੂੰ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਯਾਤਰਾ ਨਗਰ ਕੀਰਤਨ ਨਹੀਂ, ਸਗੋਂ ਸਿੱਖ ਪੰਥ ਦੀ ਬਹਾਦਰੀ ਕੁਰਬਾਨੀ ਤੇ ਵਿਸ਼ਵ ਭਲਾਈ ਦੀ ਪ੍ਰਤੀਕ ਯਾਤਰਾ ਹੈ। ਅੱਜ ਸ਼ੁਰੂ ਹੋਏ ਨਗਰ ਕੀਰਤਨ ਨੂੰ ‘ਧਰਮ ਰੱਖਿਅਕ ਯਾਤਰਾ’ ਦਾ ਨਾਂ ਦਿੱਤਾ ਗਿਆ ਹੈ। ਨਗਰ ਕੀਰਤਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਹਰਿਆਣਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਰਾਤ ਰਹੇਗਾ ਅਤੇ 14 ਨਵੰਬਰ ਨੂੰ ਸਵੇਰੇ ਅੰਬਾਲਾ ਤੋਂ ਚੱਲ ਕੇ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਵਿਖੇ ਪਹੁੰਚੇਗਾ।
23, 24 ਅਤੇ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੇ ਲਾਲ ਕਿਲੇ ਸਾਹਮਣੇ ਵਿਸ਼ਾਲ ਸਮਾਗਮ ਕੀਤੇ ਜਾ ਰਹੇ ਹਨ, ਜਿੱਥੇ ਦੇਸ਼-ਵਿਦੇਸ਼ ਤੋਂ ਆਈ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਵਿਸ਼ਵ ਪੱਧਰੀ ਸੰਦੇਸ਼ ਦਿੱਤਾ ਜਾਵੇਗਾ। ਨਗਰ ਕੀਰਤਨ ਵਿੱਚ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਬਾਬਾ ਨਾਗਰ ਸਿੰਘ ਜੀ ਤਰਨਾ ਦਲ ਹਰੀਆਂ ਵੇਲਾਂ, ਸ਼੍ੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਰਹੇ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਸਾਰੇ ਸਿੱਖ ਸੰਸਥਾਵਾਂ ਦੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ। ਮਹਾਨ ਨਗਰ ਕੀਰਤਨ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਤਕਾ ਅਤੇ ਬੈਂਡ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਰਤਾਰਪੁਰ ਤੋਂ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 350ਵੇਂ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਨਗਰ ਕੀਰਤਨ ਰਾਤ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿੱਚ ਵਿਸ਼ਰਾਮ ਕਰਨ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਗੁਰਦੁਆਰਾ ਗੰਗਸਰ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੱਚਿਆਂ ਨੂੰ ਸਿੱਖੀ ਸਰੂਪ ਵਿੱਚ ਰੱਖਣ ਲਈ ਮਾਪਿਆਂ ਦੀ ਅਹਿਮ ਭੂਮਿਕਾ ਹੈ। ਕਰਤਾਰਪੁਰ ਦੀ ਜੰਗ ਵਿੱਚ ਸ਼ਸਤਰਬਾਜ਼ੀ ਵਿੱਚ ਮਾਹਿਰ ਤਿਆਗ ਮੱਲ ਜੀ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਂ ਤੇਗ ਬਹਾਦਰ ਰੱਖਦੇ ਹੋਏ ਕਿਹਾ ਕਿ ਇਹ ਸਾਡਾ ਪੁੱਤਰ ਵੱਡਾ ਬਲੀ ਸੂਰਬੀਰ ਅਤੇ ਤੇਗ ਦਾ ਧਨੀ ਹੋਵੇਗਾ। ਨਗਰ ਕੀਰਤਨ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਅਤੇ ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਚੇਅਰਮੈਨ ਗੁਰਪਾਲ ਸਿੰਘ ਮਾਂਗੇ ਕੀ ਨੇ ਪੰਜ ਪਿਆਰਿਆਂ ਨੂੰ ਸਿਪਾਓ ਦੇ ਕੇ ਸਨਮਾਨਿਤ ਕੀਤਾ। ਨਗਰ ਕੀਰਤਨ ਦਾ ਲਿਦੜਾ ਵਿੱਚ ਸੀ ਆਰ ਪੀ ਐੱਫ ਦੇ ਅਫਸਰਾਂ ਤੇ ਜਵਾਨਾਂ ਨੇ ਨਿੱਘਾ ਸਵਾਗਤ ਕਰਦਿਆਂ ਸਲਾਮੀ ਦਿੱਤੀ। ਨਗਰ ਕੀਰਤਨ ਦੌਰਾਨ ਰਸਤੇ ਵਿੱਚ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ। ਇਸ ਮੌਕੇ ਸ਼੍ੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਣਜੀਤ ਸਿੰਘ ਕਾਹਲੋਂ ਜਥੇਦਾਰ ਬਲਜੀਤ ਸਿੰਘ ਸੋਹਲ ਤੇ ਹਰਵਿੰਦਰ ਸਿੰਘ ਰਿੰਕੂ ਮੌਜੂਦ ਸਨ।
