Mansa: ਵੀ ਆਈ ਪੀ ਰੋਡ ਦੇ ਮਾਮਲੇ ’ਚ ਵਿਜੀਲੈਂਸ ਵੱਲੋਂ ਠੇਕੇਦਾਰ ਤੇ ਕੌਂਸਲ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ
ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ
ਮਾਨਸਾ ਸ਼ਹਿਰ ਦੇ ਵੀ ਆਈ ਪੀ ਕਚਹਿਰੀ ਰੋਡ ਦੇ ਨਿਰਮਾਣ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਸੜਕ ਦੇ ਠੇਕੇਦਾਰ ਬੇਅੰਤ ਸਿੰਘ ਸਮੇਤ ਨਗਰ ਕੌਂਸਲ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਮਿਲੇ ਵੇਰਵਿਆਂ ਅਨੁਸਾਰ ਇੱਕ ਵਕੀਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅਦਾਲਤ ਨੇ ਵਿਜੀਲੈਂਸ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਕੇ ਠੋਸ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਅਤੇ ਹੁਣ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਤਿਆਰ ਕੀਤੀ ਗਈ ਵੀ ਆਈ ਪੀ ਕਚਹਿਰੀ ਰੋਡ ਆਪਣੇ ਨਿਰਮਾਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਪਹਿਲਕਦਮੀ ਨਾਲ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ। ਨਿਰਮਾਣ ਤੋਂ ਕੁਝ ਸਮੇਂ ਬਾਅਦ ਹੀ ਸੜਕ ਕਈ ਥਾਵਾਂ ਤੋਂ ਟੁੱਟਣ ਲੱਗ ਪਈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਸੜਕ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸੜਕ ਵਿੱਚ ਵਰਤੇ ਗਏ ਮਟੀਰੀਅਲ ਦੇ ਨਮੂਨੇ 3 ਅਪਰੈਲ 2026 ਨੂੰ ਐੱਸ ਡੀ ਐੱਮ ਬਲਜੀਤ ਕੌਰ ਅਤੇ ਮੰਡੀ ਬੋਰਡ ਦੇ ਐੱਸ ਸੀ ਵਿਪਨ ਖੰਨਾ ਦੀ ਨਿਗਰਾਨੀ ਹੇਠ ਲਏ ਗਏ ਸਨ। ਇਹ ਨਮੂਨੇ ਜਾਂਚ ਲਈ ਪਟਿਆਲਾ ਦੀ ਲੈਬ ਵਿੱਚ ਭੇਜੇ ਗਏ, ਜਿੱਥੇ ਇਨ੍ਹਾਂ ਦੇ ਫੇਲ੍ਹ ਹੋਣ ਦੀ ਗੱਲ ਸਾਹਮਣੇ ਆਈ ਸੀ।
ਕੁਝ ਦਿਨ ਪਹਿਲਾਂ ਠੇਕੇਦਾਰ ਵੱਲੋਂ ਵੀ ਆਈ ਪੀ ਕਚਹਿਰੀ ਰੋਡ ’ਤੇ ਮੁੜ ਕੰਮ ਸ਼ੁਰੂ ਕਰਵਾਏ ਜਾਣ ਦਾ ਵੀ ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਵਿਰੋਧ ਕੀਤਾ ਸੀ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕੌਂਸਲਰ ਅਰਪਿਤ ਚੌਧਰੀ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਾਣਿਕ ਗੋਇਲ ਅਤੇ ਪ੍ਰਵੀਨ ਗਰਗ ਟੋਨੀ ਨੇ ਦੋਸ਼ ਲਾਇਆ ਸੀ ਕਿ ਵਿਜੀਲੈਂਸ ਜਾਂਚ ਨੂੰ ਪ੍ਰਭਾਵਿਤ ਕਰਨ ਅਤੇ ਕਥਿਤ ਘਟੀਆ ਮਟੀਰੀਅਲ ਨਾਲ ਹੋਏ ਨਿਰਮਾਣ ’ਤੇ ਪਰਦਾ ਪਾਉਣ ਲਈ ਸੜਕ ਦੀ ਲੀਪਾ-ਪੋਚੀ ਕੀਤੀ ਜਾ ਰਹੀ ਹੈ।
ਹੁਣ ਵਿਜੀਲੈਂਸ ਵੱਲੋਂ ਕੇਸ ਦਰਜ ਕੀਤੇ ਜਾਣ ਦਾ ਕੌਂਸਲਰ ਅਰਪਿਤ ਚੌਧਰੀ, ਮਾਣਿਕ ਗੋਇਲ ਅਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ-ਰਹਿਤ ਅਤੇ ਗੁਣਵੱਤਾ ਵਾਲੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਮਾਨਸਾ ਦੀ ਮਹੱਤਵਪੂਰਨ ਵੀ ਆਈ ਪੀ ਸੜਕ ਦਾ ਕੁਝ ਕਿਲੋਮੀਟਰ ਦਾ ਹਿੱਸਾ ਵੀ ਢੰਗ ਨਾਲ ਨਹੀਂ ਬਣ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਨਿਰਮਾਣ ਕਾਰਜ ਵਿੱਚ ਕਥਿਤ ਤੌਰ ’ਤੇ ਹੇਰਾ-ਫੇਰੀ ਅਤੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਸੜਕ ਅੱਜ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ ਅਤੇ ਇਸ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਜਾਰੀ ਹੈ।

