Mansa Bar Elections: ਬੀਰਦੇਵਿੰਦਰ ਸਿੰਘ ਸਿੱਧੂ ਫਫੜੇ ਭਾਈਕੇ ਬਣੇ ਮਾਨਸਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਅੰਗਰੇਜ਼ ਸਿੰਘ ਕਲੇਰ ਨੂੰ 148 ਵੋਟਾਂ ਦੇ ਫ਼ਰਕ ਨਾਲ ਹਰਾਇਆ; ਮੀਤ ਪ੍ਰਧਾਨ ਦੀ ਚੋਣ ਸ਼ਿਵਾਨੀ ਗਰਗ, ਸੀਨੀਅਰ ਮੀਤ ਪ੍ਰਧਾਨ ਦੀ ਅਮਨਪ੍ਰੀਤ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਦੀ ਗੁਰਦੀਪ ਸਿੰਘ ਸਿੱਧੂ ਜਿੱਤੇ
Mansa Bar Elections: ਮਾਨਸਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਹੋਈਆਂ। ਬਾਰ ਐਸੋਸੀਏਸ਼ਨ ਦੀਆਂ ਕੁੱਲ 549 ਵੋਟਾਂ ਵਿੱਚੋਂ 472 ਵੋਟਾਂ ਪੋਲ ਹੋਈਆਂ। ਸਵੇਰ ਤੋਂ ਹੀ ਵਕੀਲ ਵੋਟਰਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਮਾਨਸਾ ਬਾਰ ਐਸੋਸੀਏਸ਼ਨ ਵਿੱਚ ਕੁੱਲ 95 ਮਹਿਲਾ ਵਕੀਲ ਵੋਟਰ ਸਨ ਅਤੇ ਮਹਿਲਾ ਵਕੀਲਾਂ ਵਿੱਚ ਵੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਸਾਰੀਆਂ ਮੁੱਖ ਸੀਟਾਂ ’ਤੇ ਸਿੱਧੇ ਮੁਕਾਬਲੇ ਹੋਏ। ਪ੍ਰਧਾਨ ਦੇ ਅਹੁਦੇ ਲਈ ਬੀਰਦੇਵਿੰਦਰ ਸਿੰਘ ਸਿੱਧੂ ਫਫੜੇ ਭਾਈਕੇ ਨੇ ਆਪਣੇ ਨੇੜਲੇ ਵਿਰੋਧੀ ਅੰਗਰੇਜ਼ ਸਿੰਘ ਕਲੇਰ ਨੂੰ 148 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਅਮਨਪ੍ਰੀਤ ਸਿੰਘ ਭੁੱਲਰ ਨੇ ਆਪਣੇ ਵਿਰੋਧੀ ਗੋਰਾ ਸਿੰਘ ਥਿੰਦ ਨੂੰ 25 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਜਨਰਲ ਸਕੱਤਰ ਦੇ ਅਹੁਦੇ ਲਈ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ। ਗੁਰਦੀਪ ਸਿੰਘ ਸਿੱਧੂ ਮਾਖਾ ਨੇ ਆਪਣੇ ਵਿਰੋਧੀ ਅਭਿਨੰਦਨ ਹੈਰੀ ਸ਼ਰਮਾ ਨੂੰ 44 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਮੀਤ ਪ੍ਰਧਾਨ (ਮਹਿਲਾ ਰਾਖਵੀਂ ਸੀਟ) ਲਈ ਸ਼ਿਵਾਨੀ ਗਰਗ ਨੇ ਆਪਣੇ ਨੇੜਲੇ ਵਿਰੋਧੀ ਬਿਮਲ ਨੂੰ 169 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਮਹਿਲਾ ਮੈਂਬਰ ਲਈ ਰਾਖਵੀਂ ਸੰਯੁਕਤ ਸਕੱਤਰ ਦੀ ਸੀਟ ’ਤੇ ਚਮਨਦੀਪ ਕੌਰ ਪਹਿਲਾਂ ਹੀ ਨਿਰਵਿਰੋਧ ਚੁਣੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਆਪਣੇ-ਆਪਣੇ ਉਮੀਦਵਾਰਾਂ ਦੇ ਨਾਮ ਵਾਲੇ ਕਾਰਡ ਗਲਾਂ ਵਿੱਚ ਪਾ ਕੇ ਵੋਟਰਾਂ ਦਾ ਸਵਾਗਤ ਕਰਦੇ ਅਤੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਏ। ਚੋਣ ਪ੍ਰਕਿਰਿਆ ਦੌਰਾਨ ਮਾਹੌਲ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ।
ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਗੁਰਦਾਸ ਸਿੰਘ ਮਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਵੋਟਿੰਗ ਪ੍ਰਕਿਰਿਆ ਕਰਵਾਈ ਗਈ।

