ਮਾਨਸਾ ਪੁਲੀਸ ਨੇ ਇੱਕ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਤਿੰਨ ਦੀ ਭਾਲ ਜਾਰੀ ਹੈ।
ਪੀੜਤਾ ਦੀ ਮਾਂ ਦੇ ਬਿਆਨਾਂ ਮੁਤਾਬਕ, 17 ਸਾਲਾ ਲੜਕੀ ਆਪਣੇ ਘਰ ਨੇੜੇ ਬਿਊਟੀ ਪਾਰਲਰ ਵਿੱਚ ਸੈਲੂਨ ਦਾ ਕੰਮ ਸਿੱਖਣ ਜਾਂਦੀ ਸੀ। ਸ਼ੁੱਕਰਵਾਰ ਨੂੰ ਉਹ ਰੋਜ਼ਾਨਾਂ ਵਾਂਗ ਦੁਪਹਿਰ ਦੇ ਖਾਣੇ ਤੋਂ ਬਾਅਦ ਪਾਰਲਰ ਲਈ ਗਈ, ਪਰ ਵਾਪਸ ਨਹੀਂ ਪਰਤੀ। ਆਖਿਰਕਾਰ ਪਰਿਵਾਰ ਨੇ ਉਸ ਨੂੰ ਇਲਾਕੇ ਦੇ ਇੱਕ ਘਰ ਦੇ ਅੰਦਰੋਂ ਲੱਭ ਲਿਆ।
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਮੌਜੂਦ ਪੰਜ ਨੌਜਵਾਨ ਬਾਹਰ ਖੜ੍ਹੀ ਇੱਕ ਕਾਰ ਰਾਹੀਂ ਭੱਜਣ ਵਿੱਚ ਸਫ਼ਲ ਹੋ ਗਏ। ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਮਾਨਸਾ ਸਿਟੀ-1 ਪੁਲੀਸ ਸਟੇਸ਼ਨ ਦੇ ਐੱਸ ਐੱਚ ਓ, ਸਬ-ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਟੀਮਾਂ ਬਾਕੀ ਸ਼ੱਕੀਆਂ ਦੀ ਭਾਲ ਕਰ ਰਹੀਆਂ ਹਨ।

