Mansa Advocates Strike: SC/ST ਐਕਟ ਅਧੀਨ ਦਰਜ ਮਾਮਲਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਕੀਲਾਂ ਵੱਲੋਂ ਹੜਤਾਲ
ਵਕੀਲਾਂ ਨੇ ਐੱਸ.ਐੱਸ.ਪੀ. ਦੀ ਬਦਲੀ ਅਤੇ ਜਾਂਚ ਅਧਿਕਾਰੀ ਦੇ ਬਦਲੇ ਰੁਖ਼ ਨੂੰ ਦੱਸਿਆ ਮਾਮਲਾ ਲਟਕਣ ਦਾ ਕਾਰਨ
ਅੱਜ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਐਡਵੋਕੇਟ ਅਮਨਿੰਦਰ ਸਿੰਘ ਮਾਨ ਦੇ ਖ਼ਿਲਾਫ਼ SC/ST ਐਕਟ ਅਧੀਨ ਦਰਜ ਮਾਮਲੇ ਦੇ ਵਿਰੋਧ ਵਿੱਚ ਹੜਤਾਲ ਕੀਤੀ ਗਈ। ਇਸ ਮੌਕੇ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਵੀ ਮਾਨਸਾ ਬਾਰ ਦੇ ਸੰਘਰਸ਼ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਦਾ ਸੂਬੇ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਐੱਸ.ਸੀ./ਐੱਸ.ਟੀ. ਕਮਿਸ਼ਨ ਦੇ ਚੇਅਰਮੈਨ ਵੱਲੋਂ Suo Moto ਕਾਰਵਾਈ ਦੇ ਆਧਾਰ ’ਤੇ ਅਮਨਿੰਦਰ ਸਿੰਘ ਮਾਨ ਦੇ ਖ਼ਿਲਾਫ਼ ਐੱਸ.ਸੀ./ਐੱਸ.ਟੀ. ਐਕਟ ਅਧੀਨ ਮਾਮਲਾ ਦਰਜ ਕਰਵਾਇਆ ਗਿਆ ਹੈ। ਬਾਰ ਦਾ ਕਹਿਣਾ ਹੈ ਕਿ ਜਿਸ ਕਥਿਤ ਬਿਆਨ ਦੇ ਆਧਾਰ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਉਹ ਐੱਸ.ਸੀ./ਐੱਸ.ਟੀ. ਐਕਟ ਦੀਆਂ ਧਾਰਾਵਾਂ ਅਧੀਨ ਅਪਰਾਧ ਨਹੀਂ ਬਣਦਾ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਪੱਖ ਦੀ ਮੁੜ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਬਾਰ ਦੇ ਨੁਮਾਇੰਦਿਆਂ ਅਨੁਸਾਰ, ਇਸ ਮਾਮਲੇ ਸਬੰਧੀ ਐੱਸ.ਐੱਸ.ਪੀ. ਮਾਨਸਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ ਗਿਆ ਸੀ। ਉਸ ਸਮੇਂ ਮਾਮਲੇ ਦੀ ਜਾਂਚ ਕਰਕੇ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰੰਤੂ ਬਾਅਦ ਵਿੱਚ ਜਾਂਚ ਅਧਿਕਾਰੀ ਵੱਲੋਂ ਇਸ ਸਬੰਧੀ ਵੱਖਰਾ ਰੁਖ਼ ਅਪਣਾਇਆ ਗਿਆ ਅਤੇ ਇਸੇ ਦੌਰਾਨ ਐੱਸ.ਐੱਸ.ਪੀ. ਦੀ ਬਦਲੀ ਵੀ ਹੋ ਗਈ। ਬਾਰ ਦੇ ਅਨੁਸਾਰ, ਇਸ ਕਾਰਨ ਮਾਮਲਾ ਅਜੇ ਤੱਕ ਹੱਲ ਨਹੀਂ ਹੋ ਸਕਿਆ।
ਮਾਨਸਾ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਵਕੀਲਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕਾਨੂੰਨੀ ਤੇ ਸਮਾਜਿਕ ਮੁੱਦਿਆਂ ’ਤੇ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਕਿਸੇ ਵੀ ਵਕੀਲ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਮਾਮਲੇ ਦੇ ਤੱਥਾਂ ਅਤੇ ਲਾਗੂ ਕਾਨੂੰਨੀ ਧਾਰਾਵਾਂ ਦੀ ਨਿਰਪੱਖ ਅਤੇ ਕਾਨੂੰਨ ਅਨੁਸਾਰ ਜਾਂਚ ਹੋਣੀ ਚਾਹੀਦੀ ਹੈ।
ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਅਮਨਿੰਦਰ ਸਿੰਘ ਮਾਨ ਦੇ ਖ਼ਿਲਾਫ਼ ਦਰਜ ਮਾਮਲੇ ਦੀ ਨਿਰਪੱਖ ਕਾਨੂੰਨੀ ਸਮੀਖਿਆ ਕੀਤੀ ਜਾਵੇ ਅਤੇ ਜੇਕਰ ਜਾਂਚ ਵਿੱਚ ਇਹ ਮਾਮਲਾ ਐੱਸ.ਸੀ./ਐੱਸ.ਟੀ. ਐਕਟ ਅਧੀਨ ਨਹੀਂ ਬਣਦਾ ਤਾਂ ਇਸ ਨੂੰ ਕਾਨੂੰਨ ਅਨੁਸਾਰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਗੁਰਦਾਸ ਸਿੰਘ ਮਾਨ, ਸੀਨੀਅਰ ਐਡਵੋਕੇਟ ਬਿਮਲਜੀਤ ਸਿੰਘ, ਐਡਵੋਕੇਟ ਵਿਜੇ ਕੁਮਾਰ ਸਿੰਗਲਾ, ਹਰਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ, ਗੋਰਾ ਸਿੰਘ ਥਿੰਦ, ਹਰਭਵਰੀਤ ਕੌਰ, ਸ਼ਿਵਾਨੀ ਸਿੰਗਲਾ, ਦਵਿੰਦਰ ਕੌਰ, ਗਗਨਦੀਪ ਸਿੰਘ ਸਿੱਧੂ ਅਤੇ ਜਿਸਦਿਲ ਸਿੰਘ ਦੰਦੀਵਾਲ ਸਮੇਤ ਹੋਰ ਵਕੀਲ ਸਾਹਿਬਾਨ ਹਾਜ਼ਰ ਸਨ।

