ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੇਠ ਲਗਪਗ ਹਰ ਖੇਤਰ ਵਿਚ ਇਨਕਲਾਬ ਦੇਖਿਆ ਹੈ ਜਦੋਂਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਤੇ ਲੁੱਟ-ਖਸੁੱਟ ਵਿੱਚ ਹੀ ਉਲਝੀਆਂ ਰਹੀਆਂ। ਕੇਜਰੀਵਾਲ, ਜੋ ਦਿੱਲੀ ਦੇ ਮੁੱਖ ਮੰਤਰੀ ਵੀ ਹਨ, ‘ਸਿਹਤਮੰਦ ਪੰਜਾਬ’ ਮਿਸ਼ਨ ਦੇ ਆਗਾਜ਼ ਲਈ ਅੱਜ ਪਟਿਆਲਾ ਆਏ ਸਨ। ਮਿਸ਼ਨ ਦਾ ਮੁੱਖ ਮੰਤਵ 1300 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਕਾਇਆਕਲਪ ਕਰਨਾ ਹੈ। ਇਥੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਆਈਸੀਯੂ ਤੇ ਹੋਰ ਸਹੂਲਤਾਂ ਦਾ ਉਦਘਾਟਨ ਕਰਨ ਮੌਕੇ ਕੇਜਰੀਵਾਲ ਨਾਲ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਵੀ ਮੌਜੂਦ ਸਨ। ਮਿਸ਼ਨ ਤਹਿਤ ਸ਼ੁਰੂਆਤੀ ਦੌਰ ’ਚ 400 ਕਰੋੜ ਰੁਪਏ ਨਾਲ 19 ਜ਼ਿਲ੍ਹੇ ਅਤੇ 6 ਤਹਿਸੀਲ ਹਸਪਤਾਲਾਂ ਸਮੇਤ 15 ਸੀਐੱਚਸੀ ਕਵਰ ਕੀਤੇ ਜਾਣਗੇ।
ਇਥੇ ਏਵੀਏਸ਼ਨ ਕਲੱਬ ਕੋਲ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਇਨਟੈਂਸਵਿ ਕੇਅਰ ਯੂਨਿਟ(ਆਈਸੀਯੂ) ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਗਾਂਧੀ ਜੈਯੰਤੀ ਮੌਕੇ ਪੰਜਾਬ ਵਿੱਚ ਸਿਹਤ ਇਨਕਲਾਬ ਸ਼ੁਰੂ ਹੋਇਆ ਹੈ, ਜਿਸ ਦਾ ਅਸਰ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਨਜ਼ਰ ਆਏਗਾ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਵਿੱਚ ਸਿਹਤ ਸੈਕਟਰ ਸਣੇ ਕਈ ‘ਗਾਰੰਟੀਆਂ’ ਦਾ ਵਾਅਦਾ ਕੀਤਾ ਸੀ। ਪੰਜਾਬ ਦੇ 40 ਸਰਕਾਰੀ ਹਸਪਤਾਲਾਂ ਨੂੰ ਆਈਸੀਯੂ, ਅਪਰੇਸ਼ਨ ਥੀਏਟਰਾਂ ਤੇ ਐਮਰਜੈਂਸੀ ਵਾਰਡਾਂ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਨਿੱਜੀ ਹਸਪਤਾਲਾਂ ਵਿਚ ਮਿਲਦੀਆਂ ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਮਿਲਣਗੀਆਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ 40 ਹਸਪਤਾਲਾਂ ਲਈ 550 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਕੇਜਰੀਵਾਲ ਨੇ ਕਿਹਾ, ‘‘ਪੰਜਾਬ ਵਿਚ ਸਿੱਖਿਆ ਤੇ ਸਿਹਤ ਇਨਕਲਾਬ ਸ਼ੁਰੂ ਹੋ ਗਿਆ ਹੈ। ਪੰਜਾਬ ਬਦਲ ਰਿਹਾ ਹੈ। ‘ਆਪ’ ਸਰਕਾਰ ਦੇ ਪਿਛਲੇ ਡੇਢ ਸਾਲਾਂ ਦੇ ਕਾਰਜਕਾਲ ਦੌਰਾਨ ਪੂਰੇ ਪੰਜਾਬ ਵਿੱਚ ਲਗਪਗ ਹਰ ਖੇਤਰ ਵਿੱਚ ਇਨਕਲਾਬ ਆਇਆ ਹੈ। ਉਨ੍ਹਾਂ ਲੋਕ ਪੱਖੀ ਨੀਤੀਆਂ ਦੇ ਹਵਾਲ਼ੇ ਨਾਲ
ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਤੇ ਹੋਰ ਪੱਖਾਂ ਤੋਂ ਲੀਹ ’ਤੇ ਪਾਉਣ ਦੀ ਵੱਡੀ ਚੁਣੌਤੀ ਨੂੰ ਡੇਢ ਸਾਲ ’ਚ ਸਰ ਕਰ ਲੈਣਾ ਮਾਨ ਸਰਕਾਰ ਦੀ ਸਮੁੱੱਚੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਕੇਜਰੀਵਾਲ ਨੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਜੇਕਰ ਮਾਨ ਸਰਕਾਰ ਡੇਢ ਸਾਲ ਦੇ ਅਰਸੇ ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ, ਚੰਗੇ ਸਕੂਲਾਂ ਤੇ ਹਸਪਤਾਲਾਂ ਦੀ ਸਥਾਪਨਾ ਤੇ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਜਿਹੀਆਂ ਸਹੂਲਤਾਂ ਦੇ ਸਕਦੀ ਹੈ ਤਾਂ ਫਿਰ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਵਿਚ ਅਜਿਹਾ ਕਿਉਂ ਨਹੀਂ ਕੀਤਾ। ‘ਆਪ’ ਆਗੂ ਨੇ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਨੇ ਸਿਰਫ਼ ਭ੍ਰਿਸ਼ਟ ਆਗੂਆਂ ਖਿਲਾਫ਼ ਹੀ ਕਾਰਵਾਈ ਕੀਤੀ ਹੈ।

ਰੈਲੀ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ, ਕੁਲਦੀਪ ਧਾਲੀਵਾਲ, ਚੇਤਨ ਜੌੜਾਮਾਜਰਾ ਆਦਿ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ 1300 ਕਰੋੜ ਦੀ ਲਾਗਤ ਵਾਲ਼ੇ ਵਿਸ਼ੇਸ਼ ਪ੍ਰਾਜੈਕਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਮਰੀਜ਼ ਸੁਵਿਧਾ ਕੇਂਦਰ ਸਥਾਪਤ ਕਰਨ ਤੋਂ ਇਲਾਵਾ ਮੌਡਿਊਲਰ ਆਪ੍ਰੇਸ਼ਨ ਥੀਏਟਰਾਂ ਦਾ ਨਿਰਮਾਣ, ਵੈਂਟੀਲੇਟਰਾਂ, ਕਾਰਡਿਅਕ ਮਾਨੀਟਰਾਂ ਅਤੇ ਹੋਰ ਸਾਰੇ ਉਪਕਰਣਾਂ ਦੀ ਉਪਲਬਧਤਾ ਨਾਲ ਐਮਰਜੈਂਸੀ ਬਲਾਕਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜ਼ਿਲ੍ਹਾ ਹਸਪਤਾਲਾਂ ਵਿੱਚ ਆਈਸੀਯੂ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ 1866 ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੀ.ਐੱਮ.ਸੀ, ਪਟਿਆਲਾ ਅਤੇ ਫ਼ਰੀਦਕੋਟ ਵਿੱਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਦੀ ਗਿਣਤੀ ਵਿੱਚ 25-25 ਦਾ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ’ਚ 60 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੇ ਲਾਹਾ ਲਿਆ ਹੈ।