ਮੰਡੀ ਕਿੱਲਿਆਂਵਾਲੀ: ਨਸ਼ਾ ਤਸਕਰਾਂ ਦੇ ਦੋ ਨਾਜਾਇਜ਼ ਮਕਾਨ ਢਾਹੇ
ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲੀਸ ਦੀ ਮਦਦ ਲਈ ਗਈ
ਪੰਜਾਬ ਮੰਡੀ ਬੋਰਡ ਦੇ ਮੰਡੀ ਕਿੱਲਿਆਂਵਾਲੀ ਸਬ-ਯਾਰਡ ਖੇਤਰ ਵਿੱਚ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਉੱਤੇ ਅੱਜ ਪੀਲਾ ਪੰਜਾ ਚੱਲਿਆ। ਇੱਥੇ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਮਾਂ-ਪੁੱਤ ਸਮੇਤ ਦੋ ਪਰਿਵਾਰਾਂ ਵੱਲੋਂ ਉਸਾਰੇ ਦੋ ਨਾਜਾਇਜ਼ ਮਕਾਨ ਢਾਹ ਦਿੱਤੇ ਗਏ। ਇਸ ਕਾਰਵਾਈ ਲਈ ਸਿਵਲ ਪ੍ਰਸ਼ਾਸਨ ਦੇ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਡੀ ਗਿਣਤੀ ਅਮਲੇ, ਜੇ ਸੀ ਬੀ (JCB) ਅਤੇ ਐਂਬੂਲੈਂਸਾਂ ਸਮੇਤ ਪੁੱਜੀ। ਪਲਾਂ ਵਿੱਚ ਦੋਵੇਂ ਉਸਾਰੀਆਂ ਢਹਿ-ਢੇਰੀ ਕਰ ਦਿੱਤੀਆਂ ਗਈਆਂ।
ਜ਼ਿਲ੍ਹਾ ਪੁਲੀਸ ਅਤੇ ਮਾਰਕੀਟ ਕਮੇਟੀ ਕਿੱਲਿਆਂਵਾਲੀ ਵੱਲੋਂ ਸਾਂਝੀ ਕਾਰਵਾਈ ਤਹਿਤ ਮਾਲਵਾ ਰੋਡ ’ਤੇ ਦੋਵੇਂ ਨਾਜਾਇਜ਼ ਮਕਾਨਾਂ ’ਤੇ ਪੀਲਾ ਪੰਜਾ ਚਲਾਇਆ ਗਿਆ। ਇਹ ਕਾਰਵਾਈ ਐੱਸ ਪੀ (ਡੀ.) ਮਨਮੀਤ ਸਿੰਘ ਢਿੱਲੋਂ, ਡਿਊਟੀ ਮਜਿਸਟਰੇਟ ਤੇ ਤਹਿਸੀਲਦਾਰ ਜੇ ਪੀ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਦੀ ਮੌਜੂਦਗੀ ਵਿੱਚ ਹੋਈ।
ਇਸ ਦੋਰਾਨ ਸਰਕਾਰੀ ਸਕੂਲ ਦੀ ਖੰਡਰ ਇਮਾਰਤ ਦੇ ਕਮਰਿਆਂ ਵਿੱਚ ਨਾਜਾਇਜ਼ ਤੌਰ ’ਤੇ ਬੈਠੇ ਲੋਕਾਂ ਦੇ ਵਿਹੜਿਆਂ ਵਿੱਚ ਕੀਤੀਆਂ ਕੱਚੀਆਂ ਉਸਾਰੀਆਂ ਵੀ ਢਾਹੀਆਂ ਗਈਆਂ। ਕਈ ਪਰਿਵਾਰ ਖੰਡਰ ਸਕੂਲ ਦੇ ਕਮਰਿਆਂ ਵਿੱਚੋਂ ਆਪਣਾ ਸਾਮਾਨ ਚੁੱਕ ਕੇ ਲਿਜਾਂਦੇ ਵਿਖਾਈ ਦਿੱਤੇ।
ਐੱਸ ਪੀ (ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਤਹਿਤ ਮੰਡੀ ਬੋਰਡ ਦੇ ਰਕਬੇ ਵਿੱਚ ਉਸਾਰੇ ਮਾਂ ਕਾਂਤਾ ਉਰਫ ਮਾਣੀ ਤੇ ਉਸ ਦੇ ਪੁੱਤਰ ਸੁਨੀਲ ਕੁਮਾਰ ਉਰਫ ਸ਼ੀਲੂ ਤੋਂ ਇਲਾਵਾ ਸੱਤਪਾਲ ਨਾਲ ਸਬੰਧਿਤ ਦੋ ਗੈਰ-ਕਾਨੂੰਨੀ ਮਕਾਨ ਸਮਰੱਥ ਅਥਾਰਟੀ ਦੇ ਹੁਕਮਾਂ ਅਨੁਸਾਰ ਢਾਹੇ ਗਏ। ਤਿੰਨਾਂ ਜਣਿਆਂ ਖਿਲਾਫ ਐੱਨ ਡੀ ਪੀ ਐਸ ਐਕਟ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਅਜੇ ਇਹ ਕਾਰਵਾਈ ਇਥੋਂ ਤੱਕ ਸੀਮਤ ਹੈ। ਬਾਕੀ ਕਬਜ਼ਿਆਂ ਲਈ ਸਬੰਧਤ ਵਿਭਾਗ ਵੱਲੋਂ ਮੰਗੇ ਜਾਣ ’ਤੇ ਪੁਲੀਸ ਇਮਦਾਦ ਦਿੱਤੀ ਜਾਵੇਗੀ।
ਉੱਥੇ ਹੀ ਤਹਿਸੀਲਦਾਰ ਜੇ ਪੀ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲੀਸ ਦੀ ਮਦਦ ਲਈ ਗਈ। ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਜਿਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਉੱਥੋਂ ਪੱਕੀਆਂ ਉਸਾਰੀਆਂ ਤੇ ਕਬਜ਼ੇ ਸਾਫ਼ ਕਰਵਾ ਦਿੱਤੇ ਗਏ ਹਨ ਅਤੇ ਝੁੱਗੀਆਂ ਵਾਲੇ ਆਪਣਾ ਸਾਮਾਨ ਖ਼ੁਦ ਸਮੇਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਨਾਜਾਇਜ਼ ਕਬਜ਼ਿਆਂ ਦੇ ਨਾਲ-ਨਾਲ ਨਸ਼ਿਆਂ ਦਾ ਵੱਡਾ ਹੌਟ-ਸਪੌਟ ਸੀ ਅਤੇ ਕਸਬੇ ਦੇ ਲੋਕਾਂ ਵੱਲੋਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਜਦਕਿ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਅੱਜ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਵਾਈ ਗਈ ਹੈ। ਕਬਜ਼ੇਕਾਰਾਂ ਨੂੰ ਸਾਮਾਨ ਚੁੱਕਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਮੁੜ ਕਾਰਵਾਈ ਆਰੰਭੀ ਜਾਵੇਗੀ।

