Malout Bus Accident: ਮਲੋਟ-ਡੱਬਵਾਲੀ ਕੌਮੀ ਮਾਰਗ ’ਤੇ ਸਥਿਤ ਫੋਕਲ ਪੁਆਇੰਟ ਨੇੜੇ ਅੱਜ ਸ਼ਾਮ ਸਮੇਂ ਬੱਸ ਅਤੇ ਟਰਾਲੇ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਬੱਸ ’ਚ ਚਾਲਕ ਸਣੇ ਕਈ ਸਵਾਰੀਆਂ ਅਤੇ ਟਰਾਲਾ ਚਾਲਕ ਜ਼ਖ਼ਮੀ ਹੋ ਗਏ। ਇਸ ਹਾਦਸੇ ਕਾਰਨ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਖ਼ਮੀਆਂ ਦੀ ਪਛਾਣ ਟਰਾਲਾ ਚਾਲਕ ਸੂਰਜ ਪੁੱਤਰ ਰਮੇਸ਼ ਵਾਸੀ ਦੀਨਾ ਨਗਰ, ਗੁਰਦਾਸਪੁਰ, ਅਤੇ ਬੱਸ ਚਾਲਕ ਲਖਵਿੰਦਰ ਲੱਖਾ ਵਾਸੀ ਡੱਬਵਾਲੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਫੋਕਲ ਪੁਆਇੰਟ ਦੇ ਫੈਕਟਰੀ ਮਾਲਕਾਂ ਅਤੇ ਆਸਪਾਸ ਦੇ ਦੁਕਾਨਦਾਰਾਂ ਨੇ ਆਪਣੇ ਵਾਹਨਾਂ ’ਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ।
ਜਾਣਕਾਰੀ ਅਨੁਸਾਰ ਮਲੋਟ-ਡੱਬਵਾਲੀ ਕੌਮੀ ਮਾਰਗ ’ਤੇ ਫੋਕਲ ਪੁਆਇੰਟ ਨੇੜੇ ਡੱਬਵਾਲੀ ਵਾਲੇ ਪਾਸਿਓਂ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਅਤੇ ਮਲੋਟ ਤੋਂ ਨਿੱਕਲ ਰਹੇ ਗੱਠਾਂ ਦੇ ਭਰੇ ਟਰਾਲੇ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਜ਼ਖ਼ਮੀ ਟਰਾਲਾ ਚਾਲਕ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਬੱਸ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀ ਟਰਾਲਾ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉੱਚ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਕੌਮੀ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ, ਜੋ ਮੁੜ ਚਾਲੂ ਕਰਵਾ ਦਿੱਤੀ ਗਈ।

