ਇਕਬਾਲ ਸਿੰਘ ਸ਼ਾਂਤ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡਣ ਤੋਂ ਕੁਝ ਦਿਨਾਂ ਬਾਅਦ ਬਰਜਿੰਦਰ ਸਿੰਘ ਮੱਖਣ ਬਰਾੜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਿੰਡ ਬਾਦਲ ਵਿੱਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਉਨ੍ਹਾਂ ਘਰ ਵਾਪਸੀ ਦਾ ਐਲਾਨ ਕੀਤਾ। ਸ੍ਰੀ ਬਾਦਲ ਨੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਦਲ ਲਈ ਡਟਣ ਦਾ ਸੱਦਾ ਦਿੱਤਾ।
ਸ੍ਰੀ ਬਰਾੜ ਨੇ ਕਿਹਾ ਕਿ ਗ਼ਲਤਫ਼ਹਿਮੀਆਂ ਕਾਰਨ ਉਹ ਦਲ ਤੋਂ ਦੂਰ ਹੋਏ ਸਨ ਪਰ ਹੁਣ ਪੰਥ ਅਤੇ ਪੰਜਾਬ ਦੇ ਹਿੱਤ ਵਿੱਚ ਇਕਜੁੱਟ ਹੋਣਾ ਜ਼ਰੂਰੀ ਹੈ। ਉਨ੍ਹਾਂ ਸੰਗਤ ਤੋਂ ਮੁਆਫ਼ੀ ਮੰਗਦਿਆਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
ਜਿ਼ਕਰਯੋਗ ਹੈ ਕਿ ਚਾਰ ਮਹੀਨਿਆਂ ਵਿੱਚ ਸ਼੍ੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚੋਂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਸੰਸਦ ਮੈਂਬਰ ਸਤਵੀਰ ਕੌਰ ਧਾਲੀਵਾਲ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਣੇ ਕਈ ਹੋਰ ਆਗੂ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਤੇ ਹਨ। ਇਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਹਲਕਾ ਧਰਮਕੋਟ ਦੀ ਵਾਂਗਡੋਰ ਸੌਂਪੀ
ਧਰਮਕੋਟ (ਹਰਦੀਪ ਸਿੰਘ): ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬਰਾੜ ਨੂੰ ਹਲਕਾ ਧਰਮਕੋਟ ਦੀ ਵਾਂਗਡੋਰ ਸੌਂਪ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚ ਸ਼ਾਮਲ ਹੋਣ ਵੇਲੇ ਵੀ ਉਹ ਧਰਮਕੋਟ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਸਨ।

