ਮਾਘੀ ਮੇਲਾ: ਭਾਜਪਾ ਨੇ 2027 ਚੋਣਾਂ ਦਾ ਬਿਗਲ ਵਜਾਇਆ
ਆਗੂਆਂ ਨੇ ‘ਆਪ’ ਤੇ ਕਾਂਗਰਸ ਨੂੰ ਘੇਰਿਆ, ਪਰ ਸ਼੍ਰੋਮਣੀ ਅਕਾਲੀ ਦਲ ਦੀ ਸਿੱਧੀ ਨੁਕਤਾਚੀਨੀ ਤੋਂ ਬਚੇ
ਸੂਬੇ ਦੇ ਸਿਆਸੀ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਦਾ ਸੰਕੇਤ ਦਿੰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਮੁਕਤਸਰ ਦੇ ਇਤਿਹਾਸਕ ਮਾਘੀ ਮੇਲੇ ਵਿੱਚ ਆਪਣੀ ਪਹਿਲੀ ਸਿਆਸੀ ਕਾਨਫਰੰਸ ਕੀਤੀ। ਕਾਨਫਰੰਸ ਦੇ ਮੰਚ ਤੋਂ ਬਹੁਤ ਸਾਰੇ ਸੀਨੀਅਰ ਆਗੂਆਂ ਨੇ 2027 ਵਿੱਚ ਪੰਜਾਬ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਆਗੂਆਂ ਨੇ ਜਿੱਥੇ ਸੱਤਾਧਾਰੀ ‘ਆਪ’ ਅਤੇ ਕਾਂਗਰਸ ’ਤੇ ਜਮ ਕੇ ਨਿਸ਼ਾਨੇ ਲਾਏ, ਉਥੇ ਸ਼੍ਰੋਮਣੀ ਅਕਾਲੀ ਦਲ ਦੀ ਸਿੱਧੀ ਨੁਕਤਾਚੀਨੀ ਤੋਂ ਬਚਦੇ ਦਿਸੇ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਵਾਅਦਿਆਂ ਦੀ ਪੂਰਤੀ ਯਕੀਨੀ ਬਣਾਉਣ ਲਈ ‘ਡਬਲ ਇੰਜਣ’ ਸਰਕਾਰ ਦੀ ਚੋਣ ਕਰਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰਿਆਣਾ 24 ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਵਾਲਾ ਇਕਲੌਤਾ ਰਾਜ ਜਦੋਂਕਿ ਪੰਜਾਬ ਇਸ ਮਾਮਲੇ ਵਿਚ ਪਿੱਛੇ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ ਇੱਕ ਸਾਲ ਦੇ ਅੰਦਰ 217 ਮੈਨੀਫੈਸਟੋ ਵਾਅਦਿਆਂ ਵਿੱਚੋਂ 53 ਨੂੰ ਪੂਰਾ ਕਰ ਚੁੱਕਾ ਹੈ।
ਸੈਣੀ ਨੇ ਦਾਅਵਾ ਕੀਤਾ ਕਿ ਹਾਲ ਹੀ ਆਏ ਹੜ੍ਹਾਂ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ‘ਹਸਪਤਾਲ ਵਿੱਚ ਦਾਖਲ ਸਨ’ ਤਾਂ ਹਰਿਆਣਾ ਨੇ ‘ਛੋਟੇ ਭਰਾ’ ਵਜੋਂ ਕੰਮ ਕੀਤਾ ਅਤੇ ਪੰਜਾਬ ਦੇ ਪੀੜਤ ਕਿਸਾਨਾਂ ਲਈ ਮਦਦ ਭੇਜੀ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਇਹੀ ਭਾਵਨਾਵਾਂ ਦੁਹਰਾਉਂਦੇ ਹੋਏ ਕਿਹਾ ਕਿ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਲੜਨ ਤੋਂ ਬਾਅਦ ਪੰਜਾਬ ਨੂੰ ਹੁਣ ਨਸ਼ਿਆਂ, ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਤੇ ‘ਕੇ-ਕੰਪਨੀ’ (ਅਰਵਿੰਦ ਕੇਜਰੀਵਾਲ ਦਾ ਹਵਾਲਾ ਦਿੰਦੇ ਹੋਏ) ਵਿਰੁੱਧ ‘ਨਵੀਂ ਲੜਾਈ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੂਬੇ ਦੀ ਮੌਜੂਦਾ ਆਪ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਬਿੱਟੂ ਨੇ ਮੁੱਖ ਮੰਤਰੀ ਮਾਨ ’ਤੇ ਚਾਰ ਸਾਲ ‘ਝੂਠ ਬੋਲਣ ਅਤੇ ਮਜ਼ਾਕ ਉਡਾਉਣ’ ਲਈ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨਸ਼ਿਆਂ ਦੇ ਖਤਰੇ ਨੂੰ ਰੋਕਣ ਵਿੱਚ ਅਸਫਲ ਰਹੇ ਹਨ ਅਤੇ ਪੰਜਾਬ ਨੂੰ ₹4.17 ਲੱਖ ਕਰੋੜ ਦੇ ਕਰਜ਼ੇ ਦੇ ਜਾਲ ਵਿੱਚ ਧੱਕ ਦਿੱਤਾ ਹੈ।
ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਜਬਰੀ ਵਸੂਲੀ ਸੂਬੇ ਵਿੱਚ ‘ਸਭ ਤੋਂ ਵੱਧ ਤੇਜ਼ੀ ਨਾਲ ਵਧਦਾ ਕਾਰੋਬਾਰ’ ਬਣ ਗਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੰਜਾਬ ਵਿਚ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਭਗਵੰਤ ਮਾਨ ਦੀ ਬਜਾਏ ‘ਯੋਗੀ ਵਰਗੇ ਮੁੱਖ ਮੰਤਰੀ’ ਦੀ ਲੋੜ ਹੈ। ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ‘ਆਪ’ ’ਤੇ ਸਿੱਖ ਵਿਰੋਧੀ ਏਜੰਡਾ ਚਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਾਨ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਸਿੱਖ ਸੰਸਥਾਵਾਂ ਅਤੇ ਗੁਰੂਆਂ ਦੇ ਮਾਣ ਨੂੰ ਘਟਾਉਣ ਲਈ ਕੰਮ ਕਰ ਰਹੇ ਹਨ।
ਕਾਨਫਰੰਸ ਵਿੱਚ ਆਗੂਆਂ ਨੇ ਮਨਰੇਗਾ ਦੇ ‘ਮੁੜ ਨਾਮਕਰਨ’ ਦਾ ਬਚਾਅ ਕਰਦੇ ਹੋਏ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ। ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਨੀਤ ਕੌਰ ਨੇ ਇਕੱਠ ਨੂੰ 2027 ਵਿੱਚ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਇੱਕ ਸਥਿਰ ਅਤੇ ਖੁਸ਼ਹਾਲ ਪੰਜਾਬ ਯਕੀਨੀ ਬਣਾਇਆ ਜਾ ਸਕੇ।

