Ludhiana: ਸਕੂਲ ’ਚ ਮੋਬਾਈਲ ਫ਼ੋਨ ਫੜੇ ਜਾਣ ਕਾਰਨ ਘਰੋਂ ਭੱਜੀਆਂ ਤਿੰਨ ਨਾਬਾਲਗਾਂ, ਪੁਲੀਸ ਨੇ ਰੈਸਕਿਊ
Punjab News: ਲਗਪਗ ਸੱਤ ਘੰਟੇ ਭਾਲ ਕਰਨ ਤੋਂ ਬਾਅਦ ਰਾਤ 10 ਵਜੇ ਤੱਕ ਲੜਕੀਆਂ ਨੂੰ ਬਚਾਇਆ
ਅਧਿਆਪਕ ਵੱਲੋਂ ਤਿੰਨ ਨਾਬਾਲਗ ਲੜਕੀਆਂ ਕੋਲੋਂ ਸਕੂਲ ਵਿੱਚ ਗੁਪਤ ਰੂਪ ਵਿੱਚ ਰੱਖੇ ਗਏ ਮੋਬਾਈਲ ਫ਼ੋਨ ਬਰਾਮਦ ਕੀਤੇ ਜਾਣ ਤੋਂ ਬਾਅਦ ਆਪਣੇ ਮਾਪਿਆਂ ਦੇ ਡਰੋਂ ਘਰ ਤੋਂ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਖੰਨਾ ਪੁਲੀਸ ਨੇ ਜ਼ਿਲ੍ਹੇ ਦੇ ਪਾਇਲ ਖੇਤਰ ਦੇ ਬਾਹਰਵਾਰ ਉਨ੍ਹਾਂ ਨੂੰ ਖੇਤਾਂ ਵਿੱਚ ਭਟਕਦਿਆਂ ਬਰਾਮਦ ਕੀਤਾ।
ਪੁਲੀਸ ਦੇ ਦਾਅਵਿਆਂ ਅਨੁਸਾਰ, ਜਦੋਂ ਨਾਬਾਲਗ ਲੜਕੀਆਂ ਨੂੰ ਪੁਲੀਸ ਕਰਮੀਆਂ ਨੇ ਦੇਖਿਆ ਤਾਂ ਜੰਗਲੀ ਸੂਰਾਂ ਦਾ ਇੱਕ ਝੁੰਡ ਉਨ੍ਹਾਂ ਦੇ ਆਲੇ-ਦੁਆਲੇ ਸੀ। ਪੁਲੀਸ ਮੁਲਾਜ਼ਮਾਂ ਨੇ ਹਰਕਤ ਵਿੱਚ ਆਉਂਦਿਆਂ ਉਨ੍ਹਾਂ ਨੂੰ ਭਜਾ ਦਿੱਤਾ।
ਜਾਣਕਾਰੀ ਅਨੁਸਾਰ ਲੜਕੀਆਂ ਪਾਇਲ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਭਰਥਲਾ ਰੰਧਾਵਾ ਪਿੰਡ ਨਾਲ ਸਬੰਧਤ ਹਨ।
ਖੰਨਾ ਦੇ ਸੀਨੀਅਰ ਪੁਲੀਸ ਕਪਤਾਨ (ਐੱਸ.ਐੱਸ.ਪੀ.) ਡਾ. ਦਰਪਣ ਆਹਲੂਵਾਲੀਆ ਨੇ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਤਿੰਨਾਂ ਲੜਕੀਆਂ ਵਿੱਚੋਂ ਇੱਕ ਦੀ ਉਮਰ ਲਗਪਗ 11 ਸਾਲ ਅਤੇ ਦੋ ਦੀ ਉਮਰ ਲਗਭਗ 15 ਸਾਲ ਹੈ। ਡਾ. ਆਹਲੂਵਾਲੀਆ ਨੇ ਅੱਗੇ ਕਿਹਾ, “ਸ਼ੁੱਕਰਵਾਰ ਨੂੰ ਅਧਿਆਪਕਾਂ ਨੇ ਸਕੂਲ ਵਿੱਚ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਸਨ। ਮੋਬਾਈਲ ਫ਼ੋਨ ਵਿਦਿਆਰਥੀਆਂ ਦੁਆਰਾ ਗੁਪਤ ਰੂਪ ਵਿੱਚ ਰੱਖੇ ਗਏ ਸਨ, ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਬਾਰੇ ਪਤਾ ਨਹੀਂ ਸੀ। ਇਸ ਤੋਂ ਪਹਿਲਾਂ ਕਿ ਅਧਿਆਪਕ ਮਾਪਿਆਂ ਨੂੰ ਸੂਚਿਤ ਕਰਦਾ, ਲੜਕੀਆਂ ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਅਤੇ ਇਹ ਸੋਚ ਕੇ ਆਪਣੇ ਘਰੋਂ ਭੱਜਣ ਦਾ ਫ਼ੈਸਲਾ ਕੀਤਾ ਕਿ ਉਨ੍ਹਾਂ ਦੇ ਮਾਪੇ ਫ਼ੋਨ ਗੁਪਤ ਰੱਖਣ ਲਈ ਆਪਣਾ ਗੁੱਸਾ ਉਨ੍ਹਾਂ 'ਤੇ ਕੱਢਣਗੇ। ਸ਼ਾਮ 3 ਵਜੇ ਦੇ ਕਰੀਬ, ਲੜਕੀਆਂ ਆਪਣੇ ਘਰੋਂ ਨਿਕਲੀਆਂ ਅਤੇ ਪਾਇਲ ਖੇਤਰ ਵਿੱਚ ਖੇਤਾਂ ਵੱਲ ਚੱਲੀਆਂ ਗਈਆਂ।’’
ਇਸ ਘਟਨਾ ਬਾਰੇ ਹੋਰ ਖੁਲਾਸਾ ਕਰਦਿਆਂ ਐੱਸ.ਐੱਸ.ਪੀ. ਡਾ. ਆਹਲੂਵਾਲੀਆ ਨੇ ਕਿਹਾ ਕਿ ਉਹ ਇਲਾਕਾ ਜੰਗਲੀ ਸੂਰਾਂ ਅਤੇ ਸੱਪਾਂ ਨਾਲ ਭਰਿਆ ਹੋਇਆ ਸੀ। ਲੜਕੀਆਂ ਕਾਫ਼ੀ ਸਮੇਂ ਤੋਂ ਉਸ ਖੇਤ ਵਿੱਚ ਲੁਕੀਆਂ ਹੋਈਆਂ ਸਨ। ਜਦੋਂ ਐੱਸ.ਐੱਚ.ਓ. ਨੂੰ ਸੂਚਨਾ ਮਿਲੀ, ਤਾਂ ਉਹ ਆਪਣੀ ਟੀਮ ਨਾਲ ਗਸ਼ਤ 'ਤੇ ਸਨ। ਲਗਪਗ ਸੱਤ ਘੰਟੇ ਭਾਲ ਕਰਨ ਤੋਂ ਬਾਅਦ ਰਾਤ 10 ਵਜੇ ਤੱਕ ਲੜਕੀਆਂ ਨੂੰ ਬਚਾ ਲਿਆ ਗਿਆ। ਖੇਤ ਉਸ ਨਾਲ ਲੱਗਦੇ ਨਾਲੇ ਕੋਲ ਸਥਿਤ ਸੀ ਜਿੱਥੇ ਜੰਗਲੀ ਸੂਰ ਅਕਸਰ ਆਉਂਦੇ ਹਨ। ਇੱਥੋਂ ਤੱਕ ਕਿ ਜਦੋਂ ਪੁਲੀਸ ਪਾਰਟੀ ਨੇ ਲੜਕੀਆਂ ਨੂੰ ਲੱਭਿਆ, ਤਾਂ ਜੰਗਲੀ ਸੂਰ ਲੜਕੀਆਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲੀਸ ਟੀਮ ਨੇ ਲੜਕੀਆਂ ਨੂੰ ਬਚਾ ਲਿਆ।’’
ਐੱਸ.ਐੱਸ.ਪੀ. ਨੇ ਐੱਸ.ਐੱਚ.ਓ. ਪਾਇਲ ਅਤੇ ਉਨ੍ਹਾਂ ਦੀ ਟੀਮ ਦੀ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰਨ ਲਈ ਪ੍ਰਸ਼ੰਸਾ ਕੀਤੀ। ਪਰਿਵਾਰਾਂ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ।

