Ludhiana garbage crisis: ਕੈਬਨਿਟ ਮੰਤਰੀ ਹਰਜੋਤ ਬੈਂਸ ਹੜਤਾਲੀ ਸਫਾਈ ਕਰਮਚਾਰੀਆਂ ਨੂੰ ਮਿਲਣ ਪਹੁੰਚੇ
ਹੜਤਾਲ ਕਾਰਨ ਉਦਯੋਗਿਕ ਸ਼ਹਿਰ ਕੂੜੇ ਨਾਲ ਭੜਿਆ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਹੜਤਾਲ 'ਤੇ ਬੈਠੇ ਸਫਾਈ ਕਰਮਚਾਰੀਆਂ ਦੇ ਆਗੂਆਂ ਨੂੰ ਮਿਲਣ ਲਈ ਲੁਧਿਆਣਾ ਦੇ ਪੀ ਏ ਯੂ ਸਥਿਤ ਸਟਨ ਹਾਊਸ ਪਹੁੰਚ ਗਏ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ, ਬੈਂਸ ਪੰਜਾਬ ਵਿੱਚ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਖ਼ਤਮ ਕਰਨ ਲਈ, ਸਥਾਨਕ ਵਿਧਾਇਕਾਂ ਮਦਨ ਲਾਲ ਬੱਗਾ ਅਤੇ ਪੱਪੀ ਪਰਾਸ਼ਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐੱਮ ਸੀ ਕਮਿਸ਼ਨਰ ਓਜਸਵੀ ਅਲੰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਇਨ੍ਹਾਂ ਆਗੂਆਂ ਨਾਲ ਵਿਸਤਾਰ ਵਿੱਚ ਚਰਚਾ ਕਰਨਗੇ। ਇਸ ਹੜਤਾਲ ਕਾਰਨ ਉਦਯੋਗਿਕ ਸ਼ਹਿਰ ਕੂੜੇ ਨਾਲ ਭਰ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਚੱਲ ਰਹੀ ਹੜਤਾਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਯੂਨੀਅਨ ਆਗੂ ਵੀ ਵੰਡੇ ਹੋਏ ਹਨ। ਜਿੱਥੇ ਇੱਕ ਧੜਾ ਹੜਤਾਲ ਵਾਪਸ ਲੈਣਾ ਚਾਹੁੰਦਾ ਹੈ, ਉੱਥੇ ਦੂਜਾ ਧੜਾ ਆਪਣੀ ਮੰਗ 'ਤੇ ਅੜਿਆ ਹੋਇਆ ਹੈ ਅਤੇ ਚਾਹੁੰਦਾ ਹੈ ਕਿ ਸਰਕਾਰ ਪਹਿਲਾਂ ਸਾਰੀਆਂ ਮੰਗਾਂ ਪੂਰੀਆਂ ਕਰੇ। ਇਨ੍ਹਾਂ ਮੰਗਾਂ ਵਿੱਚ ਸਾਰੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ (ਜਿਸ ਵਿੱਚ ਵੱਧ ਉਮਰ ਵਾਲੇ ਕਰਮਚਾਰੀ ਵੀ ਸ਼ਾਮਲ ਹਨ), ਪੈਨਸ਼ਨ ਲਾਭ, ਅਤੇ ਬਰਨਾਲਾ ਦੇ ਉਸ ਡੀ ਐੱਸ ਪੀ ਅਤੇ ਐੱਸ ਐੱਚ ਓ ਨੂੰ ਮੁਅੱਤਲ ਕਰਨਾ ਸ਼ਾਮਲ ਹੈ ਜਿਨ੍ਹਾਂ ਨੇ ਸਫਾਈ ਕਰਮਚਾਰੀਆਂ ਦੀ ਕਥਿਤ ਤੌਰ ਉੱਤੇ ਕੁੱਟਮਾਰ ਕੀਤੀ ਸੀ।
ਇੱਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਕੂੜਾ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕੁਝ ਸਫਾਈ ਸੇਵਕ, ਜੋ ਪ੍ਰਦਰਸ਼ਨ ਦੇ ਵਿਰੁੱਧ ਸਨ ਅਤੇ ਕੂੜਾ ਚੁੱਕਣਾ ਚਾਹੁੰਦੇ ਸਨ, ਨੂੰ ਦੂਜੇ ਧੜੇ ਵੱਲੋਂ ਅਜਿਹਾ ਕਰਨ ਨਹੀਂ ਦਿੱਤਾ ਜਾ ਰਿਹਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਆਗੂ ਕਥਿਤ ਤੌਰ 'ਤੇ ਧਮਕੀਆਂ ਦੇ ਰਹੇ ਸਨ ਕਿ ਉਹ ਉਨ੍ਹਾਂ ਲੋਕਾਂ ਦੇ ਘਰਾਂ ਬਾਹਰ ਕੂੜਾ ਸੁੱਟ ਦੇਣਗੇ ਜੋ ਉਨ੍ਹਾਂ ਦੀਆਂ ਮੰਗਾਂ ਮੰਨੇ ਬਿਨਾਂ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

