LPG Crisis : ਪੇਂਡੂ ਖੇਤਰਾਂ 'ਚ ਗੈਸ ਸਿਲੰਡਰਾਂ ਦੀ ਸਪਲਾਈ 'ਤੇ ਉੱਠੇ ਸਵਾਲ
ਲੋਕਾਂ ਨੇ ਡਿਲਿਵਰੀ ਵਿੱਚ ਦੇਰੀ ਅਤੇ ਵਿਤਕਰੇਬਾਜ਼ੀ ਦਾ ਲਗਾਇਆ ਦੋਸ਼
LPG Crisis : ਜ਼ਿਲ੍ਹੇ ਅੰਦਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਹਾਲਾਤ ਪੂਰੀ ਤਰ੍ਹਾਂ ਸੰਤੋਸ਼ਜਨਕ ਨਹੀਂ ਦਿਸ ਰਹੇ। ਕਈ ਖਪਤਕਾਰਾਂ ਵੱਲੋਂ ਗੈਸ ਸਿਲੰਡਰਾਂ ਦੀ ਡਿਲਿਵਰੀ ਵਿੱਚ ਦੇਰੀ ਅਤੇ ਸਪਲਾਈ ਸੰਬੰਧੀ ਸ਼ਿਕਾਇਤਾਂ ਕੀਤੀਆਂ ਜਾ ਆ ਰਹੀਆਂ ਹਨ, ਜਿਸ ਕਰਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਪੇਂਡੂ ਖੇਤਰਾਂ ਵਿੱਚ ਸਮੱਸਿਆ ਹੋਰ ਗੰਭੀਰ ਦਿਖਾਈ ਦੇ ਰਹੀ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਪੇਂਡੂ ਖੇਤਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸਵੇਰੇ ਆਪਣਾ ਕੰਮ-ਧੰਦਾ ਛੱਡ ਕੇ ਲਾਈਨਾਂ ਵਿੱਚ ਲੱਗਣ ਲਈ ਮਜਬੂਰ ਹਨ ਜਦਕਿ ਸ਼ਹਿਰੀ ਖਪਤਕਾਰਾਂ ਨੂੰ ਡੋਰ-ਟੂ-ਡੋਰ ਸੇਵਾਵਾਂ ਮਿਲ ਰਹੀਆਂ ਹਨ। ਇਸ ਵਿਤਕਰੇ ਕਰਕੇ ਪੇਂਡੂ ਖਪਤਕਾਰਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ।
ਇਸ ਤੋਂ ਇਲਾਵਾ ਕਮਰਸ਼ੀਅਲ ਗੈਸ ਸਪਲਾਈ ਨਾਲ ਜੁੜੇ ਕੁਝ ਖੇਤਰਾਂ ਵਿੱਚ ਵੀ ਲੋੜ ਮੁਤਾਬਕ ਸਪਲਾਈ ਨਾ ਮਿਲਣ ਦੀ ਗੱਲ ਸਾਹਮਣੇ ਆਈ ਹੈ, ਜਿਸ ਕਰਕੇ ਹਸਪਤਾਲਾਂ ਅਤੇ ਉਦਯੋਗਿਕ ਇਕਾਈਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ ਪਰ ਜ਼ਮੀਨੀ ਪੱਧਰ ’ਤੇ ਕਈ ਥਾਵਾਂ ’ਤੇ ਸਪਲਾਈ ਪ੍ਰਭਾਵਿਤ ਦਿਖਾਈ ਦੇ ਰਹੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਗੈਸ ਸਿਲੰਡਰਾਂ ਦੀ ਡਿਲਿਵਰੀ 3-4 ਦਿਨਾਂ ਦੀ ਬਜਾਏ ਕਈ ਵਾਰ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਲੈ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੰਬੰਧਤ ਵਿਭਾਗਾਂ ਨੂੰ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਕੰਟਰੋਲ ਰੂਮ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਮੁਸ਼ਕਲ ਦਾ ਹੱਲ ਕੀਤਾ ਜਾ ਸਕੇ।

