ਏਲਨਾਬਾਦ ਵਿੱਚ ਪ੍ਰੇਮੀ ਜੋੜੇ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਨਾਥ ਅਤੇ ਸਰੋਜ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਸਰੋਜ ਦਾ ਵਿਆਹ ਸਾਲ 2013 ਵਿੱਚ ਹੋਇਆ ਸੀ। ਸੋਮਨਾਥ ਅਕਸਰ ਮੰਗਲ ਦੇ ਘਰ ਆਉਂਦਾ ਸੀ ਤੇ ਕੁਝ ਦਿਨਾਂ ਮਗਰੋਂ ਉਹ ਸਰੋਜ ਨੂੰ ਲੈ ਕੇ ਚਲਾ ਗਿਆ ਸੀ।
ਸਰੋਜ ਦੇ ਤਿੰਨ ਬੱਚੇ ਹਨ, ਜੋ ਆਪਣੇ ਦਾਦਾ-ਦਾਦੀ ਨਾਲ ਰਹਿੰਦੇ ਹਨ। ਸੋਮਨਾਥ ਅਣਵਿਆਹਿਆ ਸੀ ਅਤੇ ਮਜ਼ਦੂਰੀ ਕਰਦਾ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਮਨਾਥ ਤੇ ਸਰੋਜ ਏਲਨਾਬਾਦ ਵਿੱਚ ਰਹਿ ਰਹੇ ਸਨ ਕਿ ਰਾਤ 8 ਵਜੇ ਦੋਵਾਂ ਨੇ ਜ਼ਹਿਰ ਨਿਗਲ ਲਿਆ।
ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਏਲਨਾਬਾਦ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਉੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਸਿਰਸਾ ਸਿਵਲ ਹਸਪਤਾਲ ਅਤੇ ਉੱਥੋਂ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸੋਮਨਾਥ ਦੇ ਪਰਿਵਾਰ ਨੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਲੈ ਲਈ ਹੈ, ਜਦੋਂ ਕਿ ਔਰਤ ਦੇ ਮਾਪਿਆਂ ਜਾਂ ਸਹੁਰਿਆਂ ਵਿੱਚੋਂ ਕੋਈ ਵੀ ਸਰੋਜ ਦੀ ਲਾਸ਼ ਲੈਣ ਨਹੀਂ ਆਇਆ। ਸਰੋਜ ਦੀ ਲਾਸ਼ ਅਗਰੋਹਾ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਪੁਲੀਸ ਉਸ ਦੇ ਪਰਿਵਾਰ ਦੀ ਉਡੀਕ ਕਰ ਰਹੀ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਰੋਜ ਨੇ ਉਨ੍ਹਾਂ ਦੀ ਬਦਨਾਮੀ ਕਰਵਾਈ ਹੈ ਇਸ ਲਈ ਉਨ੍ਹਾਂ ਦਾ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ।

