ਕਿਸਾਨ ਘੋਲ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਮਾਤਾ ਮਹਿੰਦਰ ਕੌਰ ਵੱਲੋਂ ਕੰਗਨਾ ਨੂੰ ਚੁਣੌਤੀ; ਵਕੀਲ ਨੇ ਵੀ ਕਾਨੂੰਨੀ ਨੋਟਿਸ ਭੇਜਿਆ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਚਰਨਜੀਤ ਭੁੱਲਰ
ਚੰਡੀਗੜ੍ਹ, 2 ਦਸੰਬਰ
ਕਿਸਾਨ ਅੰਦੋਲਨਾਂ ਵਿੱਚ ਕੁੱਦਣ ਵਾਲੀ ਮਾਤਾ ਮਹਿੰਦਰ ਕੌਰ ਦੀ ਝੋਲੀ ਲੋਕਾਂ ਨੇ ਇੱਜ਼ਤ ਮਾਣ ਪਾਇਆ ਹੈ, ਜਦਕਿ ਅਦਾਕਾਰਾ ਕੰਗਨਾ ਰਣੌਤ ਨੂੰ ਲਾਹਣਤਾਂ ਪਈਆਂ ਹਨ। ਕੰਗਨਾ ਰਣੌਤ, ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਹਿੰਦਰ ਕੌਰ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਆਖ ਕੇ ਭੁੱਲ ਕਰ ਬੈਠੀ ਹੈ। ਭਾਵੇਂ ਕੰਗਨਾ ਨੇ ਹੁਣ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ ਪਰ ਇਹ ਬਜ਼ੁਰਗ ਹੁਣ ਸਿੱਧੇ ਤੌਰ ’ਤੇ ਉਸ ਨੂੰ ਲਲਕਾਰ ਰਹੀ ਹੈ।

ਮਾਤਾ ਮਹਿੰਦਰ ਕੌਰ ਨੇ ਆਪਣੀ ਜ਼ਿੰਦਗੀ ਖੇਤਾਂ ਦੇ ਲੇਖੇ ਲਾ ਦਿੱਤੀ, ਜਿਸ ਕਰਕੇ ਉਸ ਦੇ ਸਰੀਰ ਵਿੱਚ ਕੁੱਬ ਪੈ ਗਿਆ ਹੈ। ਇਹ ਮਾਈ ਕੰਗਨਾ ਨੂੰ ਮੁਖ਼ਾਤਿਬ ਹੁੰਦਿਆਂ ਆਖਦੀ ਹੈ, ‘ਉਹ ਖੇਤਾਂ ਵਿੱਚ ਮੇਰੇ ਨਾਲ ਨਰਮਾ ਚੁਗਾਈ ਦਾ ਮੁਕਾਬਲਾ ਕਰੇ, ਮੈਂ ਉਸ ਨੂੰ ਸੌ ਨਹੀਂ, ਛੇ ਸੌ ਦੇਊਂਗੀ।’ ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਕੰਗਨਾ ਰਣੌਤ ਵੱਲੋਂ ਇਸ ਬਿਰਧ ਮਾਈ ’ਤੇ ਉਠਾਈ ਉਂਗਲ ਦਾ ਮਾਮਲਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਮਗਰੋਂ ਵੱਡੀ ਗਿਣਤੀ ਲੋਕ ਮਹਿੰਦਰ ਕੌਰ ਦੀ ਹਮਾਇਤ ਵਿੱਚ ਕੁੱਦ ਪਏ। ਇੱਕ ਵਕੀਲ ਨੇ ਤਾਂ ਕੰਗਨਾ ਨੂੰ ਮਹਿੰਦਰ ਕੌਰ ਦੇ ਮਾਮਲੇ ਸਬੰਧੀ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਹੈ। ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਵੀ ਕੰਗਨਾ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਕੰਗਨਾ, ਉਸ ਦੀ ਪਤਨੀ ਮਹਿੰਦਰ ਕੌਰ ਦੇ ਨਾਲ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਵੇ, ਖਾਲ ਸੰਵਾਰੇ ਤੇ ਵਾਢੀ ਕਰਾਵੇ ਤਾਂ ਉਹ ਇੱਕ ਦਿਹਾੜੀ ਦਾ ਕੰਗਨਾ ਨੂੰ ਦਸ ਹਜ਼ਾਰ ਰੁਪਏ ਦੇਵੇਗਾ।

ਗਾਇਕ ਜਸਬੀਰ ਜੱਸੀ ਵੀ ਮਾਤਾ ਮਹਿੰਦਰ ਕੌਰ ਦੀ ਪਿੱਠ ’ਤੇ ਆ ਗਿਆ ਹੈ। ਉਸ ਨੇ ਕੰਗਨਾ ਨੂੰ ਟਵੀਟ ਕੀਤਾ, ‘ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਹੈ, ਕਿਸਾਨ ਦੀ ਜ਼ਮੀਨ ਦਾਅ ’ਤੇ ਲੱਗੀ ਹੈ, ਹੱਕ ਵਿੱਚ ਨਹੀਂ ਬੋਲ ਸਕਦੇ ਤਾਂ ਖ਼ਿਲਾਫ਼ ਵੀ ਨਾ ਬੋਲੋ।’ ਕੰਗਨਾ ਨੇ ਜੱਸੀ ਨੂੰ ਟਵੀਟ ਕਰ ਕੇ ਜੁਆਬ ਦਿੱਤਾ, ‘ਜੱਸੀ ਜੀ, ਇੰਨੇ ਗੁੱਸੇ ਕਿਉਂ ਹੋ ਰਹੇ ਹੋ, ਖੇਤੀ ਕਾਨੂੰਨ ਤਾਂ ਕ੍ਰਾਂਤੀਕਾਰੀ ਹਨ ਤੇ ਕਿਸਾਨੀ ਹੱਕਾਂ ਦੀ ਗੱਲ ਹੀ ਤਾਂ ਕਰ ਰਹੀ ਹਾਂ।’ ਜੁਆਬ ਵਿਚ ਜਸਬੀਰ ਜੱਸੀ ਨੇ ਮੁੜ ਲਿਖਿਆ, ‘ਕੰਗਨਾ, ਕਿਹੜੀ ਕ੍ਰਾਂਤੀ ਦੀ ਗੱਲ ਕਰ ਰਹੇ ਹੋ, ਜੋ ਕਿਸਾਨਾਂ ਨੂੰ ਸਮਝ ਨਹੀਂ ਪੈ ਰਹੀ, ਸਿਰਫ਼ ਤੁਹਾਨੂੰ ਪੈ ਰਹੀ ਹੈ। ਕਿਸਾਨ ਖ਼ੁਦ ਸੋਚ ਸਕਦਾ ਹੈ, ਤੁਸੀਂ ਨਾ ਸੋਚੋ।’ ਗਾਇਕ ਮਿੱਕਾ ਸਿੰਘ ਨੇ ਟਵੀਟ ਕੀਤਾ ਹੈ ਕਿ ਪਹਿਲੀ ਦਫ਼ਾ ਹੋਇਆ ਹੈ ਕਿ ਕਿਸਾਨ ਦਿੱਲੀ ਵਿੱਚ ਪੁਲੀਸ ਨੂੰ ਵੀ ਲੰਗਰ ਛਕਾ ਰਹੇ ਹਨ। ਕਿਸਾਨ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਿੱਚ ਕੁੱਦੇ ਹਨ। ਗਾਇਕ ਜੈਜ਼ੀ ਬੈਂਸ ਨੇ ਵੀ ਕਿਸਾਨੀ ਦੇ ਹੱਕ ’ਚ ਨਿੱਤਰਦਿਆਂ ਆਖਿਆ ਹੈ ਕਿ ਮੀਡੀਆ ਉਨ੍ਹਾਂ ਨੂੰ ਦਿਖਾਵੇ ਜੋ ਰਾਤਾਂ ਨੂੰ ਸੜਕਾਂ ’ਤੇ ਸੌਂਦੇ ਹਨ। ਅਦਾਕਾਰਾ ਸਰਗੁਣ ਮਹਿਤਾ ਨੇ ਟਵੀਟ ਕਰ ਕੇ ਕੰਗਨਾ ਨੂੰ ਲਾਹਨਤ ਪਾਈ ਹੈ। ਆਖਿਆ ਹੈ ਕਿ ‘ਸਭ ਨੂੰ ਗੱਲ ਕਹਿਣ ਦਾ ਹੱਕ ਹੈ, ਇੱਕ ਹੱਕ ਲਈ ਬੋਲ ਰਹੇ ਹਨ ਤੇ ਤੂੰ ਬਿਨਾਂ ਮਕਸਦ ਤੋਂ ਬੋਲ ਰਹੀ ਹੈਂ।’ ਕੈਨੇਡਾ ਤੋਂ ਫਿਲਮੀ ਕਲਾਕਾਰ ਰਣਬੀਰ ਰਾਣਾ ਵੀ ਕਿਸਾਨੀ ਹਮਾਇਤ ਵਿੱਚ ਕੁੱਦਿਆ ਹੋਇਆ ਹੈ। ਇਸੇ ਦੌਰਾਨ ਕੌਮਾਂਤਰੀ ਬਾਕਸਰ ਵਿਜੇਂਦਰ ਨੇ ਆਖਿਆ ਕਿ ਸਰਕਾਰ ਕਿਸਾਨ ਦਾ ਹੱਕ ਨਾ ਮਾਰੇ। ਫਿਲਮੀ ਅਦਾਕਾਰ ਕਰਮਜੀਤ ਅਨਮੋਲ ਆਖ ਰਿਹਾ ਹੈ ਕਿ ਕਿਸਾਨੀ ਮਰ ਗਈ ਤਾਂ ਕੁਝ ਨਹੀਂ ਬਚਣਾ, ਉਸ ਨੇ ਸਭ ਨੂੰ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ।

ਇਸ ਦੌਰਾਨ ਸੋਸ਼ਲ ਮੀਡੀਆ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨਾਲ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਤਸਵੀਰ ਘੁੰਮ ਰਹੀ ਹੈ, ਜਿਸ ਦੇ ਮੁਕਾਬਲੇ ਦਿੱਲੀ ਧਰਨੇ ਵਿੱਚ ਡਟੀਆਂ ਔਰਤਾਂ ਨਾਲ ਖੜ੍ਹੇ ਲੋਕ ਗਾਇਕ ਹਰਭਜਨ ਮਾਨ ਦੀ ਤਸਵੀਰ ਪਾ ਕੇ ਸਲਾਹਿਆ ਜਾ ਰਿਹਾ ਹੈ। ਲੋਕ ਗਾਇਕ ਹਰਭਜਨ ਮਾਨ ਨੇ ਟਵੀਟ ਕੀਤਾ ਹੈ, ‘ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਾਡੀ ਪਛਾਣ ਦਾ ਹਿੱਸਾ ਹਨ, ਉਨ੍ਹਾਂ ਦੀ ਹਮਾਇਤ ਕਰੋ।’

ਲੱਤ ’ਤੇ ਸੱਟ ਵੀ ਨਾ ਢਾਹ ਸਕੀ ਮਾਤਾ ਮਹਿੰਦਰ ਕੌਰ ਦਾ ਹੌਸਲਾ

ਟਿਕਰੀ ਬਾਰਡਰ ’ਤੇ ਮੋਰਚੇ ’ਚ ਸ਼ਾਮਲ ਮਾਤਾ ਮਹਿੰਦਰ ਕੌਰ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕਿਸਾਨੀ ਸੰਘਰਸ਼ ਦੌਰਾਨ ਸੜਕ ਹਾਦਸੇ ’ਚ ਲੱਤ ’ਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਜ਼ਿਲ੍ਹਾ ਸੰਗਰੂਰ ਦੀ ਬਿਰਧ ਔਰਤ ਮਹਿੰਦਰ ਕੌਰ ਦਿੱਲੀ ਮੋਰਚੇ ਵਿੱਚ ਡਟੀ ਹੋਈ ਹੈ। ਮੋਰਚੇ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਮਹਿਲਾਂ ਚੌਕ ਨੇ ਦੱਸਿਆ ਕਿ ਪਿੰਡ ਆਲੋਅਰਖ ਦੀ ਵਸਨੀਕ ਮਾਤਾ ਮਹਿੰਦਰ ਕੌਰ (65) ਮੋਰਚੇ ਦੌਰਾਨ ਸੜਕ ਪਾਰ ਕਰ ਰਹੀ ਸੀ ਕਿ ਇੱਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ਵਿੱਚ ਮਾਤਾ ਦੀ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ। ਮਾਤਾ ਮਹਿੰਦਰ ਕੌਰ ਦੇ ਦੋ ਬੇਟੇ ਹਨ ਅਤੇ ਪਰਿਵਾਰ ਕੋਲ ਸਿਰਫ਼ ਢਾਈ ਏਕੜ ਜ਼ਮੀਨ ਹੈ, ਪਰਿਵਾਰ ਸਿਰ ਕਰਜ਼ਾ ਵੀ ਹੈ। ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਦਿੱਲੀ ਨੇੜਲੇ ਟਿਕਰੀ ਬਾਰਡਰ ’ਤੇ ਲੱਗੇ ਮੋਰਚੇ ਵਿੱਚ ਸ਼ਾਮਲ ਮਾਤਾ ਮਹਿੰਦਰ ਕੌਰ ਦਾ ਇਲਾਜ ਕਿਸਾਨਾਂ ਨੇ ਸ਼ੁਰੂ ਕਰਵਾ ਦਿੱਤਾ ਹੈ। ਕਿਸਾਨ ਆਗੂ ਹਰਜੀਤ ਸਿੰਘ ਨੇ ਮਾਤਾ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਉਸ ਦੀ ਲੱਤ ਦਾ ਇਲਾਜ ਹੋ ਸਕੇ। ਮਾਤਾ ਮਹਿੰਦਰ ਕੌਰ ਨੇ ਆਖਿਆ ਕਿ ਉਹ ਘਰੋਂ ਸੋਚ ਕੇ ਆਈ ਸੀ ਕਿ ਜਾਂ ਤਾਂ ਦਿੱਲੀਓਂ ਮੋਰਚਾ ਜਿੱਤ ਕੇ ਮੁੜਨਾ ਹੈ ਜਾਂ ਆਪਣੇ ਸਾਹ ਵੀ ਹਾਰ ਕੇ ਪਰ ਹਾਲੇ ਤਾਂ ਲੱਤ ਹੀ ਟੁੱਟੀ ਹੈ, ਸਰੀਰ ਵਿੱਚ ਸਾਹ ਬਾਕੀ ਹਨ। ਉਸ ਨੇ ਆਖਿਆ ਕਿ ਉਹ ਮੋਰਚਾ ਜਿੱਤੇ ਬਿਨਾਂ ਪਿੰਡ ਨਹੀਂ ਜਾਏਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All