ਅਕਾਲ ਤਖ਼ਤ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਨੂੰ ਪੱਤਰ
ਬਿਨਾਂ ਪੰਥਕ ਸਹਿਮਤੀ ਸਤਿਕਾਰ ਸੋਧ ਅੈਕਟ ’ਚ ਅਗਲੀ ਸੋਧ ਨੂੰ ਸਮਰਥਨ ਨਾ ਦੇਣ ਦੀ ਤਾਕੀਦ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ, ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਾਕੀਦ ਕੀਤੀ ਹੈ ਕਿ ਉਹ 3 ਅਗਸਤ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026 ਵਿੱਚ ਪੰਥਕ ਸਹਿਮਤੀ ਤੋਂ ਬਿਨਾਂ ਹੋਰ ਸੋਧ ਕਰਨ ਬਾਰੇ ਆਪਣੀ ਸਹਿਮਤੀ
ਨਾ ਦੇਣ।
ਇਸ ਬਾਰੇ ਜਥੇਦਾਰ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿੱਖ ਵਿਧਾਇਕ ਅਤੇ ਸਿੱਖ ਕੈਬਨਿਟ ਮੰਤਰੀ, ਜੋ 29 ਜੂਨ ਨੂੰ ਅਕਾਲ ਤਖ਼ਤ ਵਿਖੇ ਆਏ ਸਨ, ਨੂੰ ਵੱਖ-ਵੱਖ ਪੱਤਰ ਭੇਜੇ ਗਏ ਹਨ। ਪੱਤਰ ਵਿੱਚ ਉਨ੍ਹਾਂ ਨੂੰ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਕਾਲ ਤਖ਼ਤ ਦਾ ਪੱਖ ਰੱਖਣ ਦੀ ਧਾਰਮਿਕ ਜ਼ਿੰਮੇਵਾਰੀ ਲਾਉਂਦਿਆਂ ਇਹ ਤਾਕੀਦ ਕੀਤੀ ਗਈ ਹੈ।
ਸਪੀਕਰ ਨੂੰ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਕਾਲ ਤਖ਼ਤ ਦੀਆਂ ਚਿੰਤਾਵਾਂ ਸਰਕਾਰ ਜਾਂ ਸਿਆਸਤ ਨੂੰ ਲੈ ਕੇ ਨਹੀਂ, ਸਗੋਂ ਭਵਿੱਖ ਵਿੱਚ ਕਾਨੂੰਨ ਦੀ ਸੰਭਾਵੀ ਦੁਰਵਰਤੋਂ ਨੂੰ ਲੈ ਕੇ ਹਨ। ਇਸ ਸਬੰਧ ਵਿੱਚ ਟਾਡਾ ਅਤੇ ਯੂ ਏ ਪੀ ਏ ਵਰਗੇ ਕਾਨੂੰਨਾਂ ਦੀ ਦੁਰਵਰਤੋਂ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ ਇਹ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਬੇਅਦਬੀ ਦੇ ਨਾਂ ’ਤੇ ਭਵਿੱਖ ਵਿੱਚ ਇਸ ਕਾਨੂੰਨ ਦੀ ਵਰਤੋਂ ਸਿੱਖਾਂ ਖ਼ਿਲਾਫ਼ ਨਹੀਂ ਹੋਵੇਗੀ। ਇਸ ਲਈ ਇਸ ਮਸਲੇ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਦੇਖਣ ਦੀ ਲੋੜ ਹੈ।

