ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਪਿੰਡ ਬਸੀ ਗੁੱਜਰਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੌਰਾਨ ਸਾਬਕਾ ਆਈ ਏ ਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਬਾਵਾ ਸਿੰਘ ਨੇ ਕੀਤੀ, ਜਦੋਂ ਕਿ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਮੁੱਖ ਬੁਲਾਰੇ ਵਜੋਂ ਭਾਸ਼ਣ ਦਿੱਤਾ। ਚਿੰਤਕ ਡਾ. ਕੁਲਦੀਪ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸਮਾਗਮ ਸ਼ੁਰੂ ਹੋਇਆ। ਇਸ ਮਗਰੋਂ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਅਸਲੀ ਸ਼ਖ਼ਸੀਅਤ ਬਾਰੇ ਉਨ੍ਹਾਂ ਦੀਆਂ ਲਿਖਤਾਂ ’ਚੋਂ ਪਤਾ ਲੱਗਦਾ ਹੈ। ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਦੋਂ ਭਗਤ ਸਿੰਘ ਆਜ਼ਾਦੀ ਦੀ ਲਹਿਰ ’ਚ ਕੁੱਦੇ ਅਤੇ ਨਾਲੋ-ਨਾਲ ਆਪਣੀ ਵਿਚਾਰਧਾਰਾ ਸਦਕਾ ਵੀ ਲੋਕਾਂ ’ਚ ਮਕਬੂਲ ਹੋਣ ਲੱਗੇ ਤਾਂ ਪੰਜਾਬ ਭਲਵਾਨੀ ’ਚੋਂ ਨਿਕਲਕੇ ਬੌਧਿਕਤਾ ਪਾਸੇ ਵੀ ਆਇਆ ਸੀ। ਕਾਹਨ ਸਿੰਘ ਪੰਨੂ ਨੇ ਕਿਹਾ ਕਿ ਭਗਤ ਸਿੰਘ ਪੰਜਾਬ ਦੇ ਅਗਾਂਹਵਧੂ ਸੋਚ ਵਾਲੇ ਵਿਦਵਾਨਾਂ ਦਾ ਅੱਜ ਵੀ ਹਵਾਲਾ ਬਿੰਦੂ ਹੈ। ਇਸ ਮਗਰੋਂ ਕਵੀ ਦਰਬਾਰ ’ਚ ਸਤਪਾਲ ਭੀਖੀ, ਸੰਤੋਖ ਸੁੱਖੀ, ਰਮਨ ਸੰਧੂ ਤੇ ਰਬਿੰਦਰ ਰੱਬੀ ਨੇ ਕਵਿਤਾਵਾਂ ਰਾਹੀਂ ਸ਼ਹੀਦ ਦੀ ਸੋਚ, ਸ਼ਹਾਦਤ ਤੇ ਸੁਪਨਿਆਂ ਦੀ ਬਾਤ ਪਾਈ। ਅੰਤ ’ਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਕਵਿਤਾ ‘ਭਗਤ ਸਿੰਘ’ ਸੁਣਾਈ ਗਈ। ਸਮਾਗਮ ਦੌਰਾਨ ਪੁਤਕਕ ਪ੍ਰਦਸ਼ਨੀਆਂ ਵੀ ਖਿੱਚ ਦਾ ਕੇਦਰ ਰਹੀਆਂ। ਸੰਸਥਾ ਦੀ ਚੇਅਰਪਰਸਨ ਤੇ ਫ਼ਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ ਨੇ ਸਭ ਦਾ ਧੰਨਵਾਦ ਕੀਤਾ।
ਭਾਸ਼ਾ ਵਿਭਾਗ ਵੱਲੋਂ ਮਹਿਮਾਨਾਂ ਤੇ ਕਵੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਦਾਕਾਰ ਮਲਕੀਤ ਰੌਣੀ, ਸਵਰਨਜੀਤ ਕੌਰ, ਅਮਰਬੀਰ ਬਾਗੀ, ਜਸਵੀਰ ਗਿੱਲ, ਹਰਵਿੰਦਰ ਔਜਲਾ, ਚੌਧਰੀ ਤੀਰਥ ਰਾਮ ਹਾਜ਼ਰ ਸਨ।

