ਭਾਸ਼ਾ ਵਿਭਾਗ ਵੱਲੋਂ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ
ਵੱਖ-ਵੱਖ ਵੰਨਗੀਆਂ ਦੀਆਂ ਸੱਤ ਸਰਵੋਤਮ ਪੁਸਤਕਾਂ ਨੂੰ ਦਿੱਤੇ ਜਾਣਗੇ ਪੁਰਸਕਾਰ: ਜ਼ਫਰ
ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ, ਪੰਜਾਬ ਰਾਹੀਂ ਸਰਵੋਤਮ ਹਿੰਦੀ ਅਤੇ ਉਰਦੂ ਪੁਸਤਕ ਪੁਰਸਕਾਰਾਂ (2026) ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪੁਰਸਕਾਰ ਨਵੰਬਰ 2026 ਦੇ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ। ਪੁਰਸਕਾਰ ’ਚ ਇਨਾਮੀ ਰਾਸ਼ੀ 31,000 ਰੁਪਏ ਦੇ ਨਾਲ-ਨਾਲ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਪੁਰਸਕਾਰ ਸਾਲ 2025 ’ਚ ਛਪੀਆਂ ਹਿੰਦੀ ਤੇ ਉਰਦੂ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 7 ਸਰਵੋਤਮ ਹਿੰਦੀ ਤੇ ਉਰਦੂ ਪੁਸਤਕਾਂ ਨੂੰ ਦਿੱਤੇ ਜਾਣਗੇ।
ਅੱਜ ਐਲਾਨੇ ਨਤੀਜਿਆਂ ਤਹਿਤ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਤਹਿਤ ਸੁਦਰਸ਼ਨ ਗਲਪ (ਨਾਵਲ/ਕਹਾਣੀ) ਪੁਰਸਕਾਰ ਸੁਰੇਸ਼ ਹੰਸ ਦੀ ਪੁਸਤਕ, ਇੰਦਰਨਾਥ ਮਦਾਨ ਪੁਰਸਕਾਰ ਡਾ. ਰਾਕੇਸ਼ ਪ੍ਰੇਮ ਨੂੰ, ਬਾਬਾ ਫ਼ਤਹਿ ਸਿੰਘ (ਬਾਲ ਸਾਹਿਤ) ਪੁਰਸਕਾਰ ਡਾ. ਪੂਨਮ ਗੁਪਤਾ ਨੂੰ, ਮੋਹਨ ਰਾਕੇਸ਼ ਪੁਰਸਕਾਰ (ਇਕਾਂਗੀ/ਨਾਟਕ) ਪ੍ਰੋ. ਕਸ਼ਮੀਰ ਲੂਨਾ ਨੂੰ ਦਿੱਤਾ ਜਾਵੇਗਾ।
ਸਰਵੋਤਮ ਉਰਦੂ ਪੁਸਤਕ ਪੁਰਸਕਾਰ ਤਹਿਤ ਹਾਫ਼ਿਜ਼ ਮਹਿਮੂਦ ਸ਼ੀਰਾਨੀ (ਤਨਕੀਦ) ਡਾ. ਸਾਲਿਕ ਜਮੀਲ ਬਰਾੜ ਨੂੰ, ਸਾਹਿਰ ਲੁਧਿਆਣਵੀ ਸ਼ਾਇਰੀ ਪੁਰਸਕਾਰ ਹਰਭਜਨ ਸਿੰਘ ਤਸੱਵਰ ਨੂੰ, ਕਨ੍ਹਈਆ ਲਾਲ ਪੁਰਸਕਾਰ ਨਸਰ (ਵਾਰਤਕ) ਮਲਕੀਤ ਸਿੰਘ ਮਛਾਣਾ ਨੂੰ ਦਿੱਤਾ ਜਾਵੇਗਾ।

