DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਮੀਨ ਦੀ ਖਰੀਦ: ਈ ਡੀ ਦੀ ਰਿਪੋਰਟ ਨੇ ਸਾਹ ਸੂਤੇ

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰੋੜਾਂ ਦੀ ਜ਼ਮੀਨ ਖਰੀਦਣ ਦਾ ਮਾਮਲਾ

  • fb
  • twitter
  • whatsapp
  • whatsapp
Advertisement

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ਤੇ ਅੰਮ੍ਰਿਤਸਰ ’ਚ ਕਰੋੜਾਂ ਰੁਪਏ ਦੀ ਖ਼ਰੀਦੀ ਜ਼ਮੀਨ ਦੇ ਮਾਮਲੇ ਦੀ ਮੁੱਢਲੀ ਜਾਂਚ ਰਿਪੋਰਟ ਨੇ ਕਈਆਂ ਨੂੰ ਧੁੜਕੂ ਲਾ ਦਿੱਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬਠਿੰਡਾ ਤੇ ਅੰਮ੍ਰਿਤਸਰ ’ਚ ਖ਼ਰੀਦੀ ਜ਼ਮੀਨ ਦੇ ਮਾਮਲੇ ’ਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਮੁੱਢਲੀ ਜਾਂਚ ਕੀਤੀ ਹੈ ਅਤੇ ਦੋ ਦਿਨ ਪਹਿਲਾਂ ਆਪਣੀ ਸਟੇਟਸ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। ਈ ਡੀ ਦੇ ਵਕੀਲ ਨੇ ਅਦਾਲਤ ’ਚ ਮੁੱਢਲੀ ਜਾਂਚ ਮੁਕੰਮਲ ਕੀਤੇ ਜਾਣ ਦੀ ਗੱਲ ਆਖੀ ਹੈ।

ਹਾਈ ਕੋਰਟ ’ਚ ਫ਼ਿਲਹਾਲ ਈ ਡੀ ਦੀ ਸਟੇਟਸ ਰਿਪੋਰਟ ਦੀ ਸਮੀਖਿਆ ਨਹੀਂ ਹੋਈ ਅਤੇ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਸਾਬਕਾ ਰਣਜੀ ਖਿਡਾਰੀ ਰਾਕੇਸ਼ ਹਾਂਡਾ ਨੇ ਹਾਈ ਕੋਰਟ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਈ ਡੀ ਸਮੇਤ ਬਾਕੀ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ 18 ਸਤੰਬਰ ਤੱਕ ਜਵਾਬ ਤਲਬ ਕੀਤਾ ਸੀ। ਈ ਡੀ ਨੇ ਹੁਣ ਮੁੱਢਲੀ ਜਾਂਚ ਰਿਪੋਰਟ ਅਦਾਲਤ ’ਚ ਪੇਸ਼ ਕਰ ਦਿੱਤੀ ਹੈ। ਆਗਾਮੀ ਚੋਣਾਂ ਤੋਂ ਪਹਿਲਾਂ ਈ ਡੀ ਹੱਥ ਲੱਗਿਆ ਇਹ ਮਾਮਲਾ ਅਹਿਮ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ ਇਸ ਵੇਲੇ ਬਤੌਰ ਪ੍ਰਧਾਨ ਅਮਰਜੀਤ ਮਹਿਤਾ ਕਰ ਰਹੇ ਹਨ ਅਤੇ ਮਹਿਤਾ ਪਰਿਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਈ ਡੀ ਦੀ ਮੁੱਢਲੀ ਜਾਂਚ ਰਿਪੋਰਟ ਨੇ ਕਈ ਹਸਤੀਆਂ ਦੇ ਸਾਹ ਸੂਤ ਰੱਖੇ ਹਨ। ਪਟੀਸ਼ਨਕਰਤਾ ਨੇ ਦਾਇਰ ਪਟੀਸ਼ਨ ’ਚ ਇਲਜ਼ਾਮ ਲਾਏ ਹਨ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਬਠਿੰਡਾ ’ਚ ਕਰੀਬ 18.5 ਏਕੜ ਅਤੇ ਅੰਮ੍ਰਿਤਸਰ ’ਚ 19.5 ਏਕੜ ਜ਼ਮੀਨ ਮਹਿੰਗੇ ਭਾਅ ’ਤੇ ਨਿਯਮਾਂ ਦੀ ਅਣਦੇਖੀ ਕਰ ਕੇ ਖ਼ਰੀਦੀ ਗਈ ਹੈ।

Advertisement

ਪਟੀਸ਼ਨ ’ਚ ਦੋਸ਼ ਲਾਏ ਗਏ ਕਿ ਕਿਸਾਨਾਂ ਤੋਂ ਇਹ ਜ਼ਮੀਨ 15 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਗਈ। ਕੁਝ ਮਹੀਨਿਆਂ ਦੇ ਅੰਦਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਇਹੋ ਜ਼ਮੀਨ 2.99 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਗਈ। ਪਟੀਸ਼ਨ ’ਚ ਖਰੀਦ ਪ੍ਰਕਿਰਿਆ ’ਚ ਲੋੜੀਂਦੀਆਂ ਮਨਜ਼ੂਰੀਆਂ ਨਾ ਲੈਣ ਤੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਪਟੀਸ਼ਨਰ ਨੇ ਬਠਿੰਡਾ ਤੇ ਅੰਮ੍ਰਿਤਸਰ ’ਚ ਖਰੀਦੀ ਗਈ ਜ਼ਮੀਨ ਦੇ ਮਾਮਲੇ ਦੀ ਸੀ ਬੀ ਆਈ ਅਤੇ ਈ ਡੀ ਤੋਂ ਸੁਤੰਤਰ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਪਟੀਸ਼ਨਰ ਦੀ ਮੈਂਬਰਸ਼ਿਪ ਨੂੰ 21 ਮਈ 2026 ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਰੱਦ ਕਰ ਦਿੱਤਾ ਸੀ। ਪਟੀਸ਼ਨਰ ਦੀ ਖਿਡਾਰੀ ਪੈਨਸ਼ਨ ਵੀ ਰੋਕੀ ਗਈ ਸੀ।

Advertisement

Advertisement
×