ਧਨੌਲਾ ਥਾਣੇ ਦੇ SHO ਬਣੇ ਲਖਵਿੰਦਰ ਸਿੰਘ ਦਾ ਤਿੰਨ ਦਿਨਾਂ ਬਾਅਦ ਹੀ ਤਬਾਦਲਾ
ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਮਾਮਲੇ ਤੋਂ ਬਾਅਦ ਤਾਇਨਾਤ ਕੀਤੇ ਗਏ ਇੰਸਪੈਕਟਰ ਨੂੰ ਮੁੜ ਲਾਈਨ ਹਾਜ਼ਰ ਕੀਤਾ ਗਿਆ
ਇੰਸਪੈਕਟਰ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਸਿਰਫ਼ ਤਿੰਨ ਦਿਨ ਪਹਿਲਾਂ ਹੀ ਧਨੌਲਾ ਪੁਲੀਸ ਸਟੇਸ਼ਨ ਦਾ ਐੱਸ ਐੱਚ ਓ ਨਿਯੁਕਤ ਕੀਤਾ ਗਿਆ ਸੀ, ਨੂੰ ਬਰਨਾਲਾ ਦੀ ਜ਼ਿਲ੍ਹਾ ਪੁਲੀਸ ਲਾਈਨਾਂ ਵਿੱਚ ਵਾਪਸ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਾਜ਼ਾ ਤਬਾਦਲੇ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਹੈ।
ਇੰਸਪੈਕਟਰ ਲਖਵਿੰਦਰ ਨੂੰ ਇਸ ਤੋਂ ਪਹਿਲਾਂ 22 ਜੁਲਾਈ ਨੂੰ ਬਰਨਾਲਾ ਸ਼ਹਿਰ ਵਿੱਚ ਸਫ਼ਾਈ ਕਰਮਚਾਰੀਆਂ ’ਤੇ ਹੋਏ ਕਥਿਤ ਲਾਠੀਚਾਰਜ ਤੋਂ ਬਾਅਦ 25 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਲਾਈਨਾਂ ਵਿੱਚ ਭੇਜ ਦਿੱਤਾ ਗਿਆ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਧਨੌਲਾ ਪੁਲੀਸ ਸਟੇਸ਼ਨ ਦਾ ਐੱਸ ਐੱਚ ਓ ਬਣਾਇਆ ਗਿਆ ਸੀ, ਜਿੱਥੇ ਉਨ੍ਹਾਂ ਸਿਰਫ਼ ਤਿੰਨ ਦਿਨ ਹੀ ਸੇਵਾ ਨਿਭਾਈ। ਹੁਣ ਸਬ-ਇੰਸਪੈਕਟਰ ਮਨਜੀਤ ਸਿੰਘ ਨੂੰ ਧਨੌਲਾ ਪੁਲੀਸ ਸਟੇਸ਼ਨ ਦਾ ਐੱਸ ਐੱਚ ਓ ਦਾ ਕਾਰਜਕਾਰੀ ਚਾਰਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇੰਸਪੈਕਟਰ ਲਖਵਿੰਦਰ ਦੀ ਧਨੌਲਾ ਵਜੋਂ ਇਹ ਨਿਯੁਕਤੀ 22 ਜੁਲਾਈ ਦੀ ਘਟਨਾ ਤੋਂ ਲਗਪਗ ਡੇਢ ਮਹੀਨੇ ਬਾਅਦ ਹੋਈ ਸੀ। ਉਸ ਘਟਨਾ ਵਿੱਚ 18 ਸਫ਼ਾਈ ਕਰਮਚਾਰੀ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਵਿੱਚੋਂ 12 ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਇਸ ਕਾਰਵਾਈ ਮਗਰੋਂ ਸਫ਼ਾਈ ਕਰਮਚਾਰੀਆਂ ਦੇ ਵਧਦੇ ਦਬਾਅ ਕਾਰਨ ਸੂਬਾ ਪੱਧਰੀ ਅੰਦੋਲਨ ਸ਼ੁਰੂ ਹੋ ਗਿਆ ਸੀ। ਉਸ ਸਮੇਂ ਬਰਨਾਲਾ ਦੇ ਡੀ ਐੱਸ ਪੀ ਸਤਵੀਰ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹ ਹਾਲੇ ਵੀ ਮੁਅੱਤਲ ਹਨ।
ਇਸ ਮੁੱਦੇ ਨੇ ਭਾਰੀ ਸਿਆਸੀ ਧਿਆਨ ਵੀ ਖਿੱਚਿਆ ਸੀ ਅਤੇ ਵਿਰੋਧੀ ਪਾਰਟੀਆਂ ਨੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਦਾ ਡਟ ਕੇ ਸਮਰਥਨ ਕੀਤਾ ਸੀ। ਬਾਅਦ ਵਿੱਚ ਪੱਕੇ ਰੁਜ਼ਗਾਰ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਸੀ।
ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਵੱਲੋਂ ਲਾਪਰਵਾਹੀ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਇਹ ਤਬਾਦਲਾ ਕੇਵਲ ਪ੍ਰਸ਼ਾਸਨਿਕ ਆਧਾਰ ’ਤੇ ਕੀਤਾ ਗਿਆ ਹੈ।

