ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਈ
ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰੋਨਾ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਕਈ ਤਰ੍ਹਾਂ ਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇੱਥੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਬਹੁਤੇ ਵਾਰਸ ਖੁੱਲ੍ਹੇ ਅਸਮਾਨ ਹੇਠ ਹੀ ਦਿਨ-ਰਾਤ ਬਿਤਾਉਣ ਲਈ ਮਜਬੂਰ ਹਨ। ਰਾਜਿੰਦਰਾ ਹਸਪਤਾਲ ਦੇਸ਼ ਦੇ ਉਨ੍ਹਾਂ ਹਸਪਤਾਲਾਂ ’ਚ ਸ਼ੁਮਾਰ ਹੈ, ਜਿੱਥੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਭਾਵੇਂ ਕਿ ਕੁਝ ਕੁ ਦਿਨਾਂ ਤੋਂ ਇਸ ਸਬੰਧੀ ਸੁਧਾਰ ਹੋਣ ਲੱਗਾ ਹੈ ਪਰ ਕਰੋਨਾ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਨਾ ਹੋਣ, ਵਾਰਸਾਂ ਵੱਲੋਂ ਭੇਜੀਆਂ ਜਾਂਦੀਆਂ ਖਾਣ-ਪੀਣ ਦੀਆਂ ਵਸਤਾਂ ਸਮੇਂ ਸਿਰ ਨਾ ਪੁੱਜਣ ਅਤੇ ਮਰੀਜ਼ਾਂ ਦਾ ਸਾਮਾਨ ਚੋਰੀ ਹੋਣ ਵਰਗੀਆਂ ਸ਼ਿਕਾਇਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਰਾਜਿੰਦਰਾ ਹਸਪਤਾਲ ਵਿੱਚ ਹਾਲੇ ਤੱਕ ਆਕਸੀਜਨ ਦੀ ਕੋਈ ਸਮੱਸਿਆ ਨਹੀਂ ਆਈ। ਇਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆ ਰਹੇ ਹਨ। ਇਸ ਵੇਲੇ ਇਥੇ ਲਗਪਗ ਚਾਰ ਸੌ ਮਰੀਜ਼ ਭਰਤੀ ਹਨ ਪਰ ਮਰੀਜ਼ਾਂ ਦੀ ਤੁਲਨਾ ਵਿੱਚ ਸਟਾਫ ਦੀ ਘਾਟ ਹੈ। ਸ਼ਾਇਦ ਇਸੇ ਕਰਕੇ ਇੱਥੇ ਮਰੀਜ਼ਾਂ ਦੀ ਦੇਖਭਾਲ ਸਹੀ ਢੰਗ ਨਾਲ ਨਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਧੜਾਧੜ ਹੋ ਰਹੀਆਂ ਮੌਤਾਂ ਕਾਰਨ ਲੋਕ ਸਹਿਮ ਰਹੇ ਹਨ। ਬਜ਼ੁਰਗਾਂ ਅਤੇ ਅੰਗਹੀਣ ਮਰੀਜ਼ਾਂ ਦੇ ਵਾਰਸ ਵਧੇਰੇ ਚਿੰਤਤ ਹਨ। ਇਸ ਦੌਰਾਨ ਬਿੱਟੂ ਨਾਂ ਦੇ ਨੌਜਵਾਨ ਨੇ ਜ਼ੇਰੇ ਇਲਾਜ ਬਾਹਾਂ ਵਿਹੂਣੀ ਪਤਨੀ ਕੋਲ ਸਮੇਂ ਸਿਰ ਖਾਣਾ ਨਾ ਪਹੁੰਚਾਉਣ ਦੇ ਦੋਸ਼ ਲਾਏ। ਇਸੇ ਤਰ੍ਹਾਂ ਮੁਹੰਮਦ ਸਲੀਮ ਅੰਗਹੀਣ ਪਤਨੀ ਪ੍ਰਤੀ ਫਿਕਰਮੰਦ ਹੈ। ਛੇ ਮਈ ਨੂੰ ਇਸੇ ਹਸਪਤਾਲ ’ਚ ਜਨਮੇ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਸੀ। ਮੁਹੰਮਦ ਸਲੀਮ ਨੇ ਕਿਹਾ ਕਿ ਰਿਪੋਰਟ ਤੋਂ ਪਹਿਲਾਂ ਹੀ ਡਾਕਟਰਾਂ ਨੇ ਪਤਨੀ ਨੂੰ ਕਰੋਨਾ ਵਾਰਡ ’ਚ ਭੇਜ ਦਿੱਤਾ ਪਰ ਮਗਰੋਂ ਰਿਪੋਰਟ ਨੈਗੇਟਿਵ ਆਈ।
ਤਿੰਨ ਮਈ ਨੂੰ ਕਰੋਨਾ ਵਾਰਡ ’ਚ ਫੌਤ ਹੋਏ ਅਰਜਨ ਨਗਰ ਵਾਸੀ ਨਵਜੋਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਲੜਕੇ ਦਾ ਮੋਬਾਈਲ ਹਾਲੇ ਤਕ ਨਹੀਂ ਮਿਲਿਆ। ਪਟਿਆਲਾ ਵਾਸੀ ਪਲਵਿੰਦਰ ਕੌਰ ਦੇ ਪਤੀ ਹਾਕਮ ਸਿੰਘ ਭੰਗੂ ਦੀ ਵੀ ਕੁਝ ਮਹੀਨੇ ਪਹਿਲਾਂ ਕਰੋਨਾ ਵਾਰਡ ਵਿਚ ਮੌਤ ਹੋਈ ਸੀ। ਉਸ ਦਾ ਮੋਬਾਈਲ ਅਤੇ ਹੋਰ ਵਸਤਾਂ ਵੀ ਪਰਿਵਾਰ ਨੂੰ ਨਹੀਂ ਮਿਲੀਆਂ।
ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ
ਇਸ ਦੌਰਾਨ ਮਰੀਜ਼ਾਂ ਦੇ ਵਾਰਸਾਂ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਧਰਨੇ ਵਿੱਚ ‘ਆਪ’ ਆਗੂਆਂ ਸਮੇਤ ਸ਼ਾਮਲ ਹੋਏ ਪ੍ਰੋ. ਸੁਮੇਰ ਸਿੰਘ ਨੇ ਮਰੀਜ਼ਾਂ ਦੀ ਦੇਖਭਾਲ ਨਾ ਹੋਣ ਤੇ ਨਿੱਜੀ ਐਂਬੂਲੈਂਸਾਂ ਰਾਹੀਂ ਲਾਸ਼ਾਂ ਛੱਡਣ ਦਾ ਬੇਲੋੜਾ ਕਿਰਾਇਆ ਵਸੂਲਣ ਸਮੇਤ ਦੇ ਦੋਸ਼ ਲਾਏ। ਮੇਅਰ ਸੰਜੀਵ ਬਿੱਟੂ ਨੇ ਵਾਰਸਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਭਵਿੱਖ ’ਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ।
ਕਿਸੇ ਵੀ ਸ਼ਿਕਾਇਤ ਸਬੰਧੀ ਵਾਰਸ ਮੈਨੂੰ ਮਿਲਣ: ਮੈਡੀਕਲ ਸੁਪਰਡੈਂਟ
ਸਬੰਧਤ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਮਰੀਜ਼ ਨੂੰ ਦੇਰੀ ਨਾਲ ਹਸਪਤਾਲ ਲਿਆਉਣਾ ਵੀ ਮੌਤ ਦਰ ਵਧਣ ਦਾ ਇੱਕ ਕਾਰਨ ਹੈ। ਮੈਡੀਕਲ ਸੁਪਰਡੈਂਟ ਡਾ. ਐੱਚ.ਐੱਸ ਰੇਖੀ ਨੇ ਕਿਹਾ ਕਿ ਕਿਸੇ ਵੀ ਸ਼ਿਕਾਇਤ ਸਬੰਧੀ ਮਰੀਜ਼ਾਂ ਦੇ ਵਾਰਸ ਉਨ੍ਹਾਂ ਨੂੰ ਮਿਲਣ। ਉਹ ਹਰ ਮਸਲੇ ਦਾ ਹੱਲ ਯਕੀਨੀ ਬਣਾਉਣਗੇ।