ਕੈਬਨਿਟ ’ਚੋਂ ਕੁਲਦੀਪ ਧਾਲੀਵਾਲ ਦੀ ਛੁੱਟੀ ਸਿਆਸੀ ਭੇਤ ਬਣਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਜੁਲਾਈ
ਪੰਜਾਬ ਕੈਬਨਿਟ ’ਚੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਹਟਾਏ ਜਾਣ ਦਾ ਸਿਆਸੀ ਭੇਤ ਬਣ ਗਿਆ ਹੈ ਜਦੋਂ ਕਿ ਪਹਿਲਾਂ ਧਾਲੀਵਾਲ ਦੀ ਛੁੱਟੀ ਬਾਰੇ ਕੋਈ ਸਿਆਸੀ ਚਰਚਾ ਕਿਧਰੇ ਵੀ ਨਹੀਂ ਸੀ ਚੱਲ ਰਹੀ। ਸਿਆਸੀ ਹਲਕਿਆਂ ’ਚ ਧਾਲੀਵਾਲ ਨੂੰ ਕੈਬਨਿਟ ਤੋਂ ਲਾਂਭੇ ਕੀਤੇ ਜਾਣ ਨੂੰ ਅਸਹਿਜ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਧਾਲੀਵਾਲ ਕੋਲ ਇਸ ਵੇਲੇ ਸਿਰਫ਼ ਐੱਨ.ਆਰ.ਆਈ ਮੰਤਰਾਲਾ ਹੀ ਸੀ। ਜਾਣਕਾਰੀ ਅਨੁਸਾਰ ਖ਼ੁਦ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਕਿਸੇ ਤਰ੍ਹਾਂ ਦਾ ਕਿਆਸ ਨਹੀਂ ਸੀ। ਕੁਲਦੀਪ ਸਿੰਘ ਧਾਲੀਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ 1992 ਤੋਂ ਨੇੜਤਾ ਚੱਲੀ ਆ ਰਹੀ ਹੈ ਅਤੇ ਧਾਲੀਵਾਲ ਨੇ ਭਗਵੰਤ ਮਾਨ ਨਾਲ ਇਕੱਠੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਵੀ ਕੰਮ ਕੀਤਾ ਹੈ। ਮੁੱਖ ਮੰਤਰੀ ਦੇ ਕੈਬਨਿਟ ’ਚ ਨੇੜਲੇ ਸਾਥੀਆਂ ’ਚੋਂ ਧਾਲੀਵਾਲ ਇੱਕ ਰਹੇ ਹਨ। ਪਹਿਲੇ ਪੜਾਅ ’ਚ ਧਾਲੀਵਾਲ ਤੋਂ ਖੇਤੀ ਮਹਿਕਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਸੀ। ਧਾਲੀਵਾਲ 2014 ਤੋਂ ਹੀ ‘ਆਪ’ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਤਿਆਗ ਕੇ ‘ਆਪ’ ਦੀ ਟਿਕਟ ’ਤੇ ਚੋਣ ਲੜੀ। ਪਿਛਲੀ ਲੋਕ ਸਭਾ ਚੋਣ ’ਚ ਵੀ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਪਰ ਉਹ ਚੋਣ ਹਾਰ ਗਏ ਸਨ। ਜਦੋਂ ਧਾਲੀਵਾਲ ਪੰਚਾਇਤ ਮੰਤਰੀ ਸਨ ਤਾਂ ਉਨ੍ਹਾਂ ਨੇ ਕਰੀਬ 11 ਹਜ਼ਾਰ ਏਕੜ ਪੰਚਾਇਤ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਇਆ ਸੀ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰ ਵਕਤ ਧਾਲੀਵਾਲ ਨੂੰ ਬੁਲਾਇਆ ਸੀ।
ਮੁੱਖ ਮੰਤਰੀ ਨੇ ਧਾਲੀਵਾਲ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖੀ ਅਤੇ ਨਾਲ ਹੀ ਅਸਤੀਫ਼ਾ ਮੰਗ ਲਿਆ। ਧਾਲੀਵਾਲ ਨੇ ਅੱਜ ਹੀ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ। ਧਾਲੀਵਾਲ ਸਿਆਸੀ ਸਮਝ ਰੱਖਦੇ ਹਨ ਅਤੇ ਵਿਦਿਆਰਥੀ ਜੀਵਨ ਵਿੱਚ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਰਹੇ ਹਨ। ਪੰਜਾਬ ਸਰਕਾਰ ਲਈ ਕਈ ਮੌਕਿਆਂ ’ਤੇ ਸੰਕਟ ਮੋਚਨ ਵੀ ਬਣਦੇ ਰਹੇ ਹਨ। ਜ਼ਿਮਨੀ ਚੋਣਾਂ ’ਚ ਵੀ ਉਨ੍ਹਾਂ ਨੇ ਆਪਣੇ ਬਿਹਤਰ ਕਾਰਗੁਜ਼ਾਰੀ ਦਿਖਾਈ। ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇਯੋਗ ਮੰਨੇ ਜਾਂਦੇ ਹਨ। ਸਿਆਸੀ ਹਲਕਿਆਂ ’ਚ ਨਵੇਂ ਚਰਚੇ ਛਿੜੇ ਹਨ ਕਿ ਕੁਲਦੀਪ ਧਾਲੀਵਾਲ ਨੇ ਆਪਣੇ ਆਪ ਨੂੰ ਅੱਜ ਪੰਜਾਬ ਦੇ ਪੁੱਤਰ ਵਜੋਂ ਪੇਸ਼ ਕੀਤਾ ਹੈ ਅਤੇ ਇਸ ਪੰਜਾਬੀਅਤ ਦੀ ਗੱਲ ਵਿੱਚ ਕਈ ਸਿਆਸੀ ਭੇਤ ਛੁਪੇ ਜਾਪਦੇ ਹਨ। ਧਾਲੀਵਾਲ ਨੇ ਇਹ ਵੀ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਉਹ ਹਮੇਸ਼ਾ ਹਾਜ਼ਰ ਰਹੇਗਾ।
ਪੰਜਾਬ ਲਈ ਆਖ਼ਰੀ ਦਮ ਤੱਕ ਲੜਾਂਗਾ: ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦੁਪਹਿਰ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਵਾਰ-ਵਾਰ ਇੱਕੋ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਪੰਜਾਬ ਨੂੰ ਪਿੱਠ ਨਹੀਂ ਦਿਖਾਏਗਾ, ਉਹ ਪੰਜਾਬ ਲਈ ਆਖ਼ਰੀ ਦਮ ਤੱਕ ਲੜੇਗਾ। ਉਹ ਪੰਜਾਬ ਲਈ ਜੰਗ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਉਸ ਨੇ ਕੇਜਰੀਵਾਲ ਦੇ ਕਹਿਣ ’ਤੇ ਅਮਰੀਕਾ ਦੀ ਨਾਗਰਿਕਤਾ ਛੱਡੀ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਹਮੇਸ਼ਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਨ ਦੀ ਗੱਲ ਆਖੀ।